ਐਸਓਆਈ ਦੇ ਸਾਬਕਾ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਛੇਤੀ ਬਦਲਾ ਲਵਾਂਗੇ: ਲਾਰੈਂਸ ਬਿਸ਼ਨੋਈ ਗਰੁੱਪ

ਮੁਹਾਲੀ ਪੁਲੀਸ ਨੂੰ ਬੰਬੀਹਾ ਗਰੁੱਪ ਦੇ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਦੀ ਤਲਾਸ਼

ਨੌਜਵਾਨ ਦਾ ਕਤਲ ਕਰਨ ਮਗਰੋਂ ਆਈਵੀਵਾਈ ਹਸਪਤਾਲ ਵਾਲੇ ਪਾਸਿਓਂ ਫਰਾਰ ਹੋਏ ਹਮਲਾਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਬੀਤੇ ਕੱਲ੍ਹ ਮੁਹਾਲੀ ਵਿੱਚ ਹੋਏ ਕਤਲ ਮਾਮਲੇ ਵਿੱਚ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਮਾਮਲੇ ਨੂੰ ਲੈ ਕੇ ਦੋ ਗੈਂਗਸਟਰ ਧੜੇ ਆਹਮੋ ਸਾਹਮਣੇ ਆ ਗਏ ਹਨ। ਸ਼ੁੱਕਰਵਾਰ ਸ਼ਾਮ ਨੂੰ ਵਿੱਕੀ ਮਿੱਡੂਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ ਪ੍ਰੰਤੂ ਅੱਜ
ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਮਿੱਡੂਖੇੜਾ ਦੇ ਕਤਲਾਂ ਨੂੰ ਸਬਕ ਸਿਖਾਉਣ ਬਾਰੇ ਸੋਸ਼ਲ ਮੀਡੀਆ ਫੇਸਬੁੱਕ ਉੱਤੇ ਪੋਸਟ ਅਪਲੋਡ ਕਰਕੇ ਧਮਕੀ ਦਿੱਤੀ ਹੈ ਕਿ ਵਿੱਕੀ ਦੀ ਹੱਤਿਆ ਦਾ ਛੇਤੀ ਬਦਲਾ ਲਿਆ ਜਾਵੇਗਾ। ਪੋਸਟ ਵਿੱਚ ਲਿਖਿਆ ਹੈ ਕਿ ਵਿੱਕੀ ਮਿੱਡੂਖੇੜਾ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ। ਬਿਸ਼ਨੋਈ ਗਰੁੱਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ (ਵਿੱਕੀ) ਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਜ਼ਿਆਦਾ ਕੁਝ ਨਹੀਂ ਬੋਲਾਂਗੇ, ਬਲਕਿ ਕੁੱਝ ਕਰਕੇ ਦਿਖਾਵਾਂਗੇ।
ਉਧਰ, ਗੈਂਗਸਟਰ ਧੜਿਆਂ ਵੱਲੋਂ ਸ਼ਰ੍ਹੇਆਮ ਇਕ ਦੂਜੇ ਨੂੰ ਮਾਰ ਮਕਾਉਣ ਦੀਆਂ ਧਮਕੀਆਂ ਨੇ ਪੁਲੀਸ ਦੀ ਚਿੰਤਾ ਵਧਾ ਦਿੱਤੀ ਹੈ। ਮੁਹਾਲੀ ਸਮੇਤ ਪੰਜਾਬ ਵਿੱਚ ਗੈਂਗਵਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਕਾਰਨ ਪੁਲੀਸ ਅਲਰਟ ਹੋ ਗਈ ਹੈ। ਇਸ ਪੂਰੇ ਮਾਮਲੇ ਦੀ ਜਾਂਚ ਐਸਐਸਪੀ ਸਤਿੰਦਰ ਸਿੰਘ ਖ਼ੁਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਬੜੀ ਬਰੀਕੀ ਨਾਲ ਪੜਤਾਲ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਸੂਤਰ ਦੱਸਦੇ ਹਨ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਬੰਬੀਹਾ ਗਰੋਹ ਦੇ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਦੀ ਤਲਾਸ਼ ਹੈ।
ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਹੁਣ ਤੱਕ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ’ਤੇ ਲੱਗੇ ਕਰੀਬ 50 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ ਹਨ। ਇਕ ਦੋ ਕੈਮਰਿਆਂ ਵਿੱਚ ਹਮਲਾਵਰਾਂ ਦੀ ਹਰਕਤ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਹਮਲਾਵਰ ਆਈਵੀਵਾਈ ਹਸਪਤਾਲ ਵਾਲੇ ਪਾਸਿਓਂ ਫਰਾਰ ਹੋਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ’ਤੇ .30 ਬੋਰ ਦੇ ਪਿਸਤੌਲਾਂ ਨਾਲ ਫਾਇਰਿੰਗ ਕੀਤੀ ਗਈ ਹੈ। ਡਾਕਟਰਾਂ ਅਨੁਸਾਰ ਵਿੱਕੀ ਮਿੱਡੂਖੇੜਾ ਦੇ 12 ਗੋਲੀਆਂ ਲੱਗੀਆਂ ਸਨ ਪ੍ਰੰਤੂ ਪੋਸਟ ਮਾਰਟਮ ਦੌਰਾਨ ਮੈਡੀਕਲ ਬੋਰਡ ਨੂੰ ਸਿਰਫ਼ ਦੋ ਗੋਲੀਆਂ ਮਿਲੀਆਂ ਹਨ ਜਦੋਂਕਿ 10 ਗੋਲੀਆਂ ਸਰੀਰ ’ਚੋਂ ਆਰ-ਪਾਰ ਹੋ ਗਈਆਂ।
ਉਧਰ, ਲੋਕਾਂ ਦੇ ਦੱਸਣ ਅਨੁਸਾਰ ਵਿੱਕੀ ਮਿੱਡੂਖੇੜਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਦੋ ਸ਼ੱਕੀ ਨੌਜਵਾਨਾਂ ਨੂੰ ਵਿੱਕੀ ਦੇ ਘਰ ਨੇੜਲੇ ਰਿਹਾਇਸ਼ੀ ਪਾਰਕ ਵਿੱਚ ਸੈਰ ਕਰਦੇ ਦੇਖਿਆ ਗਿਆ ਹੈ। ਸੀਸੀਟੀਵੀ ਕੈਮਰੇ ਦੀ ਫੋਟੇਜ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਪਿਛਲੇ ਦੋ ਤਿੰਨ ਦਿਨਾਂ ਤੋਂ ਰੈਕੀ ਕਰ ਰਹੇ ਸੀ ਅਤੇ ਬੀਤੇ ਕੱਲ੍ਹ ਉਨ੍ਹਾਂ ਕੋਲ ਪੱਕੀ ਜਾਣਕਾਰੀ ਸੀ ਵਿੱਕੀ ਪ੍ਰਾਪਰਟੀ ਡੀਲਰ ਦੇ ਦਫ਼ਤਰ ਆਏਗਾ। ਜਿਸ ਕਾਰਨ ਉਹ ਮਾਰਕੀਟ ਦੀ ਪਾਰਕਿੰਗ ਵਿੱਚ ਪਹਿਲਾਂ ਹੀ ਆਪਣੀ ਆਈ-20 ਕਾਰ ਖੜੀ ਕਰਕੇ ਘਾਤ ਲਗਾ ਕੇ ਬੈਠ ਗਏ ਸੀ। ਜਿਵੇਂ ਹੀ ਵਿੱਕੀ ਡੀਲਰ ਦੇ ਦਫ਼ਤਰ ਤੋਂ ਵਾਪਸ ਜਾਣ ਲੱਗਾ ਤਾਂ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵਿੱਕੀ ਮਿੱਡੂਖੇੜਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਵਿੱਚ ਹਮੇਸ਼ਾ ਅਹਿਮ ਭੂਮਿਕਾ ਹੁੰਦੀ ਸੀ। ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਯੂਥ ਵਿੰਗ ਦੀਆਂ ਰੈਲੀਆਂ, ਧਰਨਾ ਪ੍ਰਦਰਸ਼ਨਾਂ ਸਮੇਤ ਲੀਡਰਸ਼ਿਪ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ, ਉਹ ਉਸ ਨੂੰ ਪੂਰੀ ਲਗਨ ਨਾਲ ਨਿਭਾਉਂਦਾ ਸੀ। ਉਹ ਬਹੁਤ ਹੀ ਘੱਟ ਸਮੇਂ ਵਿੱਚ ਬਾਦਲ ਪਰਿਵਾਰ, ਮਜੀਠੀਆ ਸਮੇਤ ਵੱਡੇ ਆਗੂਆਂ ਦਾ ਚਹੇਤਾ ਬਣਾ ਗਿਆ ਸੀ। ਵਾਰਦਾਤ ਤੋਂ ਬਾਅਦ ਉਸ ਦੇ ਸਮਰਥਕਾਂ ਅਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸੋਸ਼ਲ ਮੀਡੀਆ, ਵਸਟਐਪ ਗਰੁੱਪਾਂ ਅਤੇ ਫੇਸਬੁੱਕ ’ਤੇ ਵਿੱਕੀ ਨਾਲ ਗਰੁੱਪ ਫੋਟੋਆਂ ਅਪਲੋਡ ਕਰਕੇ ਉਸ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …