ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ. ਸੁਰੇਸ਼ ਟੰਡਨ ਦੀ ਕਰੋਨਾ ਨਾਲ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਉੱਘੇ ਸਿੱਖਿਆ ਸ਼ਾਸਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ. ਸੁਰੇਸ਼ ਟੰਡਨ (69) ਨਹੀਂ ਰਹੇ। ਉਹ ਬੀਤੀ 15 ਅਗਸਤ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸ੍ਰੀ ਟੰਡਨ ਬੇਟੇ ਗੌਰਵ ਟੰਡਨ ਦੀ ਜਾਣਕਾਰੀ ਅਨੁਸਾਰ ਕਰੋਨਾ ਦੇ ਲਪੇਟੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਸੁਰੇਸ਼ ਟੰਡਨ ਸਤਿਗੁਰੂ ਪ੍ਰਤਾਪ ਹਸਪਤਾਲ, ਲੁਧਿਆਣਾ ਵਿੱਚ ਜ਼ੇਰੇ ਇਲਾਜ ਸਨ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪ੍ਰੰਤੂ ਲੰਘੀ ਰਾਤ ਉਹ ਅਕਾਲ ਚਲਾਣਾ ਕਰ ਗਏ।
ਡਾ. ਸੁਰੇਸ਼ ਟੰਡਨ 18 ਦਸੰਬਰ 2007 ਤੋਂ 5 ਮਈ 2008 ਅਤੇ 14 ਜਨਵਰੀ 2010 ਤੋਂ 3 ਜਨਵਰੀ 2014 ਅਤੇ 10 ਜੂਨ 2015 ਤੋਂ 21 ਜੁਲਾਈ 2018 ਤੱਕ ਤਿੰਨ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਦੇ ਸੇਵਾਕਾਲ ਦੌਰਾਨ ਸਕੂਲ ਬੋਰਡ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਉਨ੍ਹਾਂ ਦੀ ਨੇਕ ਨੀਤੀ, ਸਾਦਗੀ, ਇਮਾਨਦਾਰੀ ਅਤੇ ਮਿਠ ਬੋਲੜੇ ਸੁਭਾਅ ਕਾਰਨ ਉਹ ਹਮੇਸ਼ਾ ਹੀ ਬੋਰਡ ਮੁਲਾਜ਼ਮਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ।
ਇਸੇ ਦੌਰਾਨ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ, ਡੀਜੀਐਸਈ-ਕਮ-ਸਕੱਤਰ ਮੁਹੰਮਦ ਤਈਅਬ, ਸੰਯੁਕਤ ਸਕੱਤਰ ਜੇਆਰ ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ ਸਮੇਤ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਾ. ਸੁਰੇਸ਼ ਟੰਡਨ ਦੀ ਅਚਨਚੇਤ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਡਾ. ਟੰਡਨ ਦੇ ਅਚਾਨਕ ਤੁਰ ਜਾਣ ਨਾਲ ਬੋਰਡ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇੰਜ ਹੀ ਸਕੂਲ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਹੋਰਨਾਂ ਆਗੂਆਂ ਨੇ ਡਾ. ਟੰਡਨ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …