ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ 29 ਫਰਵਰੀ ਤੱਕ ਲਏ ਜਾਣਗੇ ਫਾਰਮ: ਡੀਸੀ ਆਸ਼ਿਕਾ ਜੈਨ

ਕੋਈ ਵੀ ਪੁਰਾਣਾ ਵੋਟਰ ਨਹੀਂ, ਬਲਕਿ ਨਵੇਂ ਸਿਰਿਓਂ ਬਣੇਗੀ ਹਰੇਕ ਵੋਟ

ਨਬਜ਼-ਏ-ਪੰਜਾਬ, ਮੁਹਾਲੀ, 10 ਜਨਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸਮੂਹ ਐਸਡੀਐਮਜ਼, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਣੀ ਤਹਿਤ ਵੋਟਰ ਰਜਿਸਟਰੇਸ਼ਨ ਕੇਵਲ 29 ਫਰਵਰੀ ਤੱਕ ਕੀਤੀ ਜਾਣੀ ਹੈ, ਜਦਕਿ ਅਜੇ ਤੱਕ ਵੋਟਰਾਂ ਨੇ ਬਹੁਤ ਘੱਟ ਫਾਰਮ ਜਮਾਂ ਕਰਵਾਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨਾਂ ਵਿੱਚ ਛੁੱਟੀ ਵਾਲੇ ਦਿਨ (ਸ਼ਨੀਵਾਰ ਜਾਂ ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਵਾ ਕੇ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕਰਨ ਦਾ ਸੁਝਾਅ ਵੀ ਦਿੱਤਾ।
ਸ੍ਰੀਮਤੀ ਆਸ਼ਿਕਾ ਜੈਨ ਨੇ ਗੁਰਦੁਆਰਾ ਚੋਣਾਂ ਲਈ ਵੋਟਰ ਬਣਨ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਨਾਲ ਸਬੰਧਤ ਫ਼ਾਰਮ ਪਟਵਾਰੀਆਂ ਕੋਲ ਅਤੇ ਸ਼ਹਿਰਾਂ ਵਿੱਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਕੋਲ ਆਪਣੇ ਫ਼ਾਰਮ ਜਮਾਂ ਕਰਵਾਉਣ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕਰਦੇ ਕਿਹਾ ਕਿ ਵੱਧ ਤੋਂ ਵੱਧ ਯੋਗ ਲੋਕਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿੱਖ ਅਬਾਦੀ ਚੰਗੀ ਗਿਣਤੀ ਵਿੱਚ ਹੈ, ਇਸ ਲਈ ਵੱਧ ਤੋਂ ਵੱਧ ਵੋਟਰ, ਸ਼੍ਰੋਮਣੀ ਕਮੇਟੀ ਦੀ ਚੋਣਾਂ ਲਈ ਦਰਜ ਕਰਨੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਲੈਣ ਅਤੇ ਹਰੇਕ ਯੋਗ ਵੋਟਰ ਆਪਣੇ ਫਾਰਮ ਹਲਕਾ ਪਟਵਾਰੀ ਜਾਂ ਨਗਰ ਕੌਂਸਲ ਨੂੰ ਦੇਵੇ। ਉਨ੍ਹਾਂ ਦੱਸਿਆ ਕਿ ਮੁੱਢਲੀ ਪ੍ਰਕਾਸ਼ਿਤ ਵੋਟਰ ਸੂਚੀ ਉੱਤੇ ਦਾਅਵੇ/ਇਤਰਾਜ਼ 11 ਅਪਰੈਲ ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 3 ਮਈ 2024 ਨੂੰ ਕੀਤੀ ਜਾਵੇਗੀ। ਜੋ ਵੀ ਯੋਗ ਵੋਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ (ਬੋਰਡ) ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਹੈ, ਉਹ ਫਾਰਮ ਨੰਬਰ 1 ਭਰਕੇ ਪੇਂਡੂ ਖੇਤਰਾਂ ਵਿੱਚ ਸਬੰਧਤ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ/ਨਗਰ ਕੌਸਲ ਜਾਂ ਲੋਕਲ ਅਥਾਰਟੀ ਦੇ ਅਧਿਕਾਰੀ ਜਿਨ੍ਹਾਂ ਨੂੰ ਰੀਵਾਇਜਿੰਗ ਅਥਾਰਟੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ, ਕੋਲ ਜਮਾਂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬਿਨੈਕਾਰ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ ਨੰਬਰ 3 ਅਧੀਨ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਵਿਅਕਤੀ ਹੀ ਫਾਰਮ ਨੰਬਰ 1 ਭਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਿਨੈਕਾਰ 21 ਅਕਤੂਬਰ 2023 ਨੂੰ 21 ਸਾਲ ਜਾਂ ਉਸ ਤੋਂ ਵੱਧ ਉਮਰ ਪੂਰੀ ਕਰਦਾ ਹੋਵੇ, ਬਿਨੈਕਾਰ ਆਪਣੀ ਤਾਜ਼ਾ ਸਵੈ-ਤਸਦੀਕਸ਼ੁਦਾ ਫੋਟੋ ਨਾਲ ਨੱਥੀ ਕਰੇਗਾ, ਫਾਰਮ ਨੰਬਰ 1 ਵਿੱਚ ਦਰਜ਼ ਸਵੈ ਘੋਸ਼ਣਾ ਭਰਨੀ ਲਾਜ਼ਮੀ ਹੈ ਅਤੇ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਸਰਵਿਸ ਪਛਾਣ ਪੱਤਰ ਸਮੇਤ ਫੋਟੋਗ੍ਰਾਫ, ਬੈਂਕ ਜਾਂ ਡਾਕਘਰ ਦੀ ਪਾਸਬੁੱਕ ਸਮੇਤ ਫੋਟੋਗਰਾਫ਼, ਪੈਨ ਕਾਰਡ, ਸਮਾਰਟ ਕਾਰਡ, ਨੈਸ਼ਨਲ ਪਾਪੂਲੇਸ਼ਨ ਰਜਿਸਟਰਡ ਦਾ ਆਰਜੀਆਈ ਕਾਰਡ, ਮਗਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਸਮੇਤ ਫੋਟੋਗ੍ਰਾਫ, ਐੱਮ.ਪੀ., ਐੱਮ.ਐੱਲ.ਏ. ਮੈਂਬਰ ਵਿਧਾਨ ਪ੍ਰੀਸ਼ਦ ਨੂੰ ਜਾਰੀ ਦਫ਼ਤਰੀ ਪਛਾਣ ਪੱਤਰ ਆਦਿ ਦਸਤਾਵੇਜ਼ਾਂ ’ਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨੱਥੀ ਕਰੇਗਾ। ਮੀਟਿੰਗ ਵਿੱਚ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸਡੀਐਮ ਚੰਦਰਜੋਤੀ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਮਹਾਜਨ, ਤਹਿਸੀਲਦਾਰ ਚੋਣਾਂ ਸੰਜੇ ਸ਼ਰਮਾ, ਤਹਿਸੀਲਦਾਰ ਕੁਲਦੀਪ ਸਿੰਘ ਮੁਹਾਲੀ, ਜਸਵਿੰਦਰ ਸਿੰਘ ਖਰੜ, ਕੁਲਦੀਪ ਸਿੰਘ ਡੇਰਾਬੱਸੀ, ਨਾਇਬ ਤਹਿਸੀਲਦਾਰ ਜਸਵੀਰ ਕੌਰ ਮਾਜਰੀ, ਰਵਿੰਦਰ ਸਿੰਘ ਮੁਹਾਲੀ, ਹਰਿੰਦਰਜੀਤ ਸਿੰਘ ਡੇਰਾਬੱਸੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…