nabaz-e-punjab.com

ਫੋਰਟਿਸ ਮੁਲਾਜ਼ਮ ਦੀ ਲੁੱਟ-ਖੋਹ: ਸੋਹਾਣਾ ਪੁਲੀਸ ਵੱਲੋਂ ਚਾਰ ਮੁਲਜ਼ਮ ਗ੍ਰਿਫ਼ਤਾਰ, ਇਕ ਫਰਾਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਇੱਥੋਂ ਦੇ ਫੋਰਟਿਸ ਹਸਪਤਾਲ ਦੇ ਕਰਮਚਾਰੀ ਦੀ ਲੁੱਟ-ਖੋਹ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਚਾਰ ਮੁਲਜ਼ਮਾਂ ਹਰਜੰਟ ਸਿੰਘ ਉਰਫ਼ ਡਿੰਪਲ, ਦੀਪਕ ਸਿੰਘ ਉਰਫ਼ ਦੀਪੂ ਦੋਵੇਂ ਵਾਸੀ ਪਿੰਡ ਸਿਆਊ (ਮੁਹਾਲੀ) ਅਤੇ ਗੁਰਪ੍ਰੀਤ ਸਿੰਘ ਤੇ ਸੰਮੀ ਮੁਹੰਮਦ ਵਾਸੀ ਪਿੰਡ ਮਨੌਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਮੁਲਜ਼ਮ ਡਿੰਪਲ ਦਾ ਭਰਾ ਸੁਖਜੰਟ ਸਿੰਘ ਫਰਾਰ ਦੱਸਿਆ ਗਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫੋਰਟਿਸ ਹਸਪਤਾਲ ਦੇ ਪੀੜਤ ਕਰਮਚਾਰੀ ਅਮਿਤ ਕੁਮਾਰ ਵਾਸੀ ਕਰਨਾਲ ਹਾਲ ਵਾਸੀ ਪੰਚਕੂਲਾ ਦੀ ਸ਼ਿਕਾਇਤ ’ਤੇ ਲੁੱਟ-ਖੋਹ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਬਰਿੱਜਾ ਕਾਰ ਵੀ ਬਰਾਮਦ ਕੀਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਅਮਿਤ ਕੁਮਾਰ ਫੋਰਟਿਸ ਹਸਪਤਾਲ ਵਿੱਚ ਹੈਲਥ ਕੇਅਰ ਟੀਮ ਵਿੱਚ ਤਾਇਨਾਤ ਹੈ। ਉਹ ਆਨ ਡਿਮਾਂਡ ਮਰੀਜ਼ਾਂ ਦੇ ਘਰ ਜਾ ਕੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 8 ਜੂਨ ਨੂੰ ਫੋਰਟਿਸ ਹਸਪਤਾਲ ਦੀ ਐਂਬੂਲੈਂਸ ਬਨੂੜ ਤੋਂ ਇਕ ਮਰੀਜ਼ ਨੂੰ ਲੈ ਕੇ ਆ ਰਹੀ ਸੀ ਪ੍ਰੰਤੂ ਰਸਤੇ ਵਿੱਚ ਅਚਾਨਕ ਆਕਸੀਜਨ (ਸਾਹ ਦੇਣ ਵਾਲੀ) ਮਸ਼ੀਨ ਵਿੱਚ ਤਕਨੀਕੀ ਨੁਕਸ ਪੈ ਗਿਆ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਫੋਨ ਕਰਕੇ ਤੁਰੰਤ ਮਦਦ ਦੀ ਮੰਗ ਕੀਤੀ। ਸੂਚਨਾ ਮਿਲਣ ’ਤੇ ਅਮਿਤ ਕੁਮਾਰ ਆਪਣੀ ਹਾਂਡਾ ਸਿਟੀ ਕਾਰ ਵਿੱਚ ਸਵਾਰ ਹੋ ਕੇ ਪਿੰਡਾਂ ’ਚੋਂ ਬਨੂੜ ਵੱਲ ਰਵਾਨਾ ਹੋ ਗਿਆ ਲੇਕਿਨ ਜਦੋਂ ਉਹ ਪਿੰਡ ਚਿੱਲਾ ਨੇੜਿਓਂ ਲੰਘਦੀ ਰੇਲਵੇ ਲਾਈਨ ਕੋਲ ਪਹੁੰਚਾ ਤਾਂ ਉਕਤ ਮੁਲਜ਼ਮਾਂ ਨੇ ਇਕ ਮਿੰਨੀ ਟਰੱਕ ਵਰਗੇ ਵਾਹਨ ਨੂੰ ਸੜਕ ’ਤੇ ਖੜਾ ਕਰਕੇ ਉਸ ਦਾ ਰਾਹ ਡੱਕ ਲਿਆ ਅਤੇ ਉਸ ਕੋਲੋਂ 35 ਹਜ਼ਾਰ ਰੁਪਏ ਖੋਹ ਕਿ ਫਰਾਰ ਹੋ ਗਏ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਪਿੰਡ ਸਿਆਊ ਵਿੱਚ ਛਾਪੇਮਾਰੀ ਕਰਕੇ ਹਰਜੰਟ ਸਿੰਘ ਉਰਫ਼ ਡਿੰਪਲ ਅਤੇ ਦੀਪਕ ਸਿੰਘ ਉਰਫ਼ ਦੀਪੂ ਨੂੰ ਬਰਿੱਜਾ ਕਾਰ ਸਮੇਤ ਕਾਬੂ ਕਰ ਲਿਆ ਜਦੋਂਕਿ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਗੁਰਪ੍ਰੀਤ ਸਿੰਘ ਤੇ ਸੰਮੀ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮ ਸੁਖਜੰਟ ਸਿੰਘ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ 11 ਜੂਨ ਨੂੰ ਮੁਹਾਲੀ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਵੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …