
ਸਿਹਤ ਮੰਤਰੀ ਨੇ ਮੰਗਿਆਣਾ ਪੱਤੀ ਦੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ
ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਸੋਹਾਣਾ ਦੀ ਮੰਗਿਆਣਾ ਪੱਤੀ ਦੇ ਕਮਿਊਨਿਟੀ ਹਾਲ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਿਆ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਇੱਥੋਂ ਨੇੜਿਓਂ ਲੰਘਦੇ ਗੰਦੇ ਨਾਲੇ ਨੂੰ ਅੰਡਰ ਗਰਾਊਂਡ ਕੀਤਾ ਜਾਵੇਗਾ। ਇਸ ਨਾਲ ਸਥਾਨਕ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਗੰਦੇ ਨਾਲੇ ਦੀ ਬਦਬੂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਸ੍ਰੀ ਸਿੱਧੂ ਨੇ ਕਿਹਾ ਕਿ ਕਮਿਊਨਿਟੀ ਹਾਲ ਦੀ ਉਸਾਰੀ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਕਰਵਾਉਣ ਦੀ ਸਹੂਲਤ ਮਿਲੇਗੀ। ਇਸ ਨਾਲ ਲੋਕਾਂ ਨੂੰ ਵਿੱਤੀ ਲਾਭ ਵੀ ਮਿਲੇਗਾ ਕਿਉਂਕਿ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮ ਕਰਵਾਉਣ ਲਈ ਪਹਿਲਾਂ ਲੋਕਾਂ ਨੂੰ ਮੈਰਿਜ ਪੈਲੇਸ ਜਾਂ ਹੋਰ ਆਲੀਸ਼ਾਨ ਇਮਾਰਤਾਂ ਬੁੱਕ ਕਰਨੇ ਪੈਂਦੇ ਸੀ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹਾਲ ਦੇ ਨਾਲ-ਨਾਲ ਗੱਡੀਆਂ ਦੀ ਪਾਰਕਿੰਗ ਲਈ ਲੋੜੀਂਦੀ ਥਾਂ ਛੱਡੀ ਜਾਵੇਗੀ।
ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ ਤੇ ਸੁੱਚਾ ਸਿੰਘ ਕਲੌੜ, ਨਵਜੋਤ ਸਿੰਘ ਬਾਛਲ, ਹਰਦਿਆਲ ਸ਼ਰਮਾ, ਲਾਭ ਸਿੰਘ, ਬੂਟਾ ਸਿੰਘ ਸੋਹਾਣਾ, ਦਵਿੰਦਰ ਕੌਰ, ਗੁਰਦੀਪ ਸਿੰਘ, ਮਾ. ਸੁਖਦੇਵ ਸਿੰਘ, ਜਸਵਿੰਦਰ ਜੱਸੀ, ਤਰਨਜੀਤ ਸਿੰਘ, ਜਸਵੀਰ ਸਿੰਘ, ਸ਼ਮਸ਼ੇਰ ਸਿੰਘ ਤੇ ਬਾਬਾ ਗੋਪਾਲ ਦਾਸ ਪ੍ਰਬੰਧਕ ਕਮੇਟੀ ਅਤੇ ਮੰਗੇਆਣਾ ਪੱਤੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।