
ਸੈਕਟਰ-78 ਵਿੱਚ 47.5 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਿਆ
ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਸੀਵਰੇਜ ਦੀ ਸਫ਼ਾਈ ਲਈ ਤਿੰਨ ਟੈਂਪੂਆਂ ਨੂੰ ਦਿਖਾਈ ਹਰੀ ਝੰਡੀ
ਮੁਹਾਲੀ ਹਲਕੇ ਵਿੱਚ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਸਰਬਪੱਖੀ ਵਿਕਾਸ ਅਤੇ ਸੈਕਟਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ-78 ਵਿੱਚ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਟਿਊਬਵੈੱਲ ’ਤੇ 47.5 ਲੱਖ ਰੁਪਏ ਖ਼ਰਚਾ ਆਉਣ ਦਾ ਅਨੁਮਾਨ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇਹ ਸੈਕਟਰ ਕੁਝ ਸਮਾਂ ਪਹਿਲਾਂ ਹੀ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਇੱਥੋਂ ਦੇ ਵਸਨੀਕਾਂ ਨੂੰ ਪਾਣੀ ਦੇ ਬਿੱਲ ਇਕਸਾਰ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਸੈਕਟਰਾਂ ਦੇ ਲੋਕਾਂ ਕੋਲੋਂ ਗਮਾਡਾ ਵੱਲੋਂ ਬਾਕੀ ਸ਼ਹਿਰ ਦੇ ਮੁਕਾਬਲੇ ਕਰੀਬ ਸਾਢੇ ਪੰਜ ਗੁਣਾ ਵੱਧ ਬਿੱਲ ਵਸੂਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਵਾਂ ਟਿਊਬਵੈੱਲ ਲੱਗਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸੈਕਟਰ-76 ਤੋਂ 80 ਵਿੱਚ ਸੜਕਾਂ ਦਾ ਨਿਰਮਾਣ, ਪੇਵਰ ਬਲਾਕ, ਪਾਰਕਾਂ, ਸਟਰੀਟ ਲਾਈਟਾਂ ਲਗਾਉਣ ਸਮੇਤ ਸਫ਼ਾਈ ਵਿਵਸਥਾ ਨੂੰ ਤਵੱਜੋ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਹਾਲੀ ਵਿਚ ਹੋ ਰਹੇ ਵਿਕਾਸ ਕਾਰਜਾਂ ਦਾ ਸਿਹਰਾ ਵਿਧਾਇਕ ਸਿੱਧੂ ਦੇ ਸਿਰ ਹੀ ਜਾਂਦਾ ਹੈ ਜਿਨ੍ਹਾਂ ਨੇ ਮੋਹਾਲੀ ਨਗਰ ਨਿਗਮ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਸਗੋਂ ਹੋਰਨਾਂ ਵਿਭਾਗਾਂ ਤੋਂ ਵੀ ਮੁਹਾਲੀ ਨਗਰ ਨਿਗਮ ਦੇ ਬਕਾਇਆ ਕਰੋੜਾਂ ਰੁਪਏ ਵਾਪਸ ਲੈ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਪਹਿਲਾਂ ਨਾਲੋਂ ਵੀ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।
ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਸ਼ਾਹੀਮਾਜਰਾ, ਮਟੌਰ, ਸੋਹਾਣਾ, ਕੁੰਭੜਾ, ਮਦਨਪੁਰਾ ਅਤੇ ਮੁਹਾਲੀ ਪਿੰਡ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਦੇ ਹੱਲ ਲਈ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਤੋਰੇ ਗਏ ਤਿੰਨ ਟੈਂਪੂ ਪੂਰੀ ਮਸ਼ੀਨਰੀ ਨਾਲ ਲੈਸ ਹਨ ਅਤੇ ਜਿੱਥੇ ਕਿਤੇ ਵੀ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਜਾਮ ਹੋਵੇਗਾ ਉੱਥੇ ਨਾ ਸਿਰਫ਼ ਇਹ ਸੀਵਰੇਜ ਦੀ ਸਫ਼ਾਈ ਕਰਨਗੇ ਸਗੋਂ ਗੰਦਗੀ ਨੂੰ ਵੀ ਨਾਲ ਦੀ ਨਾਲ ਟੈਂਪੂ ਵਿੱਚ ਹੀ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੈਂਪੂ ਵਿਸ਼ੇਸ਼ ਤੌਰ ’ਤੇ ਪਿੰਡਾਂ ਲਈ ਹੀ ਲਏ ਗਏ ਹਨ ਅਤੇ ਇਸ ਨਾਲ ਪਿੰਡ ਵਾਸੀਆਂ ਨੂੰ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਨਿਜਾਤ ਹਾਸਲ ਹੋਵੇਗੀ। ਨਾਲ ਨਾਲ ਮੰਤਰੀ ਨੇ ਤਿੰਨ ਟੈਂਪੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਮੁਹਾਲੀ ਨਗਰ ਨਿਗਮ ਅਧੀਨ ਪੈਂਦੇ ਛੇ ਪਿੰਡਾਂ ਵਿੱਚ ਸੀਵਰੇਜ ਦੀ ਸਫ਼ਾਈ ਕਰਨਗੇ।
ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ ਤੇ ਹਰਜੀਤ ਸਿੰਘ ਭੋਲੂ, ਐਸਈ ਸੰਜੇ ਕੰਵਰ, ਸੋਸ਼ਲ ਵਰਕਰ ਨਵਜੋਤ ਸਿੰਘ ਬਾਛਲ, ਤਰਸੇਮ ਸਿੰਘ, ਸਤਪਾਲ ਸਿੰਘ, ਬਲਜੀਤ ਸਿੰਘ ਸੋਹਾਣਾ, ਪ੍ਰਭਜੋਤ ਕੌਰ, ਚੈਰੀ ਸਿੱਧੂ ਅਤੇ ਹੋਰ ਪਤਵੰਤੇ ਮੌਜੂਦ ਸਨ।