
ਨੇਬਰਹੁੱਡ ਪਾਰਕ ਸੈਕਟਰ-70 ਦਾ ਸੰਗੀਤਮਈ ਫੁਹਾਰਾ ਲੰਮੇ ਸਮੇਂ ਤੋਂ ਬੰਦ, ਲੋਕਾਂ ’ਚ ਰੋਸ
50 ਲੱਖ ਦੀ ਲਾਗਤ ਵਾਲਾ ਪੰਜਾਬ ਦਾ ਪਹਿਲਾ ਸੰਗੀਤਮਈ ਫੁਹਾਰਾ ਬਣਿਆ ਮੱਛਰ ਪੈਦਾ ਕਰਨ ਵਾਲੇ ਟੋਭੇ ’ਚ ਤਬਦੀਲ
19 ਸਾਲ ਪਹਿਲਾਂ ਬੀਬੀ ਸੁਰਿੰਦਰ ਕੌਰ ਬਾਦਲ ਨੇ ਕੀਤਾ ਸੀ ਸੰਗੀਤਮਈ ਫੁਹਾਰੇ ਦਾ ਉਦਘਾਟਨ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਇੱਥੋਂ ਦੇ ਸੈਕਟਰ-70 ਸਥਿਤ ਨੇਬਰਹੁੱਡ ਪਾਰਕ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੰਗੀਤਮਈ ਫੁਹਾਰਾ (ਮਿਊਜ਼ੀਕਲ ਫਾਊਨਟੇਨ) ਬੰਦ ਪਿਆ ਹੈ। ਮੁਹਾਲੀ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮੌਜੂਦਾ ਸਮੇਂ ਵਿੱਚ ਇਹ ਮੱਛਰ ਪੈਦਾ ਕਰਨ ਵਾਲੇ ਛੱਪੜ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ। ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਸੈਕਟਰ ਵਾਸੀਆਂ ਨੇ ਪਿਛਲੀ ਅਕਾਲੀ ਸਰਕਾਰ ਵੇਲੇ 23 ਮਈ 2001 ਵਿੱਚ ਗਮਾਡਾ ਵੱਲੋਂ ਪਾਰਕ ਵਿੱਚ ਸੰਗੀਤਮਈ ਫੁਹਾਰਾ ਲਗਾਇਆ ਗਿਆ ਸੀ। ਜਿਸ ਦਾ ਉਦਘਾਟਨ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਅਤੇ ਉਸ ਸਮੇਂ ਦੇ ਪੁੱਡਾ ਮੰਤਰੀ ਉਪਿੰਦਰਜੀਤ ਕੌਰ ਨੇ ਕੀਤਾ ਸੀ।
ਸ੍ਰੀ ਬੈਦਵਾਨ ਨੇ ਦੱਸਿਆ ਕਿ ਪੰਜਾਬ ਤੇ ਚੰਡੀਗੜ੍ਹ ਦਾ ਇਹ ਪਹਿਲਾ ਮਿਊਜ਼ੀਕਲ ਫਾਊਨਟੇਨ ਸ਼ੁਰੂਆਤੀ ਦਿਨਾਂ ਅਤੇ ਬਾਅਦ ਵਿੱਚ ਲਗਾਤਾਰ ਤਰੀਕੇ ਨਾਲ ਵਧੀਆ ਚੱਲਦਾ ਰਿਹਾ ਹੈ ਅਤੇ ਪਾਰਕ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਆਉਂਦੇ ਸੈਂਕੜੇ ਲੋਕ ਪੂਰਾ ਆਨੰਦ ਮਾਣਦੇ ਰਹੇ ਹਨ ਲੇਕਿਨ ਹੁਣ ਕਾਫੀ ਸਮੇਂ ਤੋਂ ਇਹ ਫੁਹਾਰਾ ਬੰਦ ਪਿਆ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਲਗਭਗ 50 ਲੱਖ ਦੀ ਲਾਗਤ ਨਾਲ ਲੱਗਿਆ ਇਹ ਸੰਗੀਤਮਈ ਫੁਹਾਰਾ ਮੌਜੂਦਾ ਸਮੇਂ ਵਿੱਚ ਮੱਛਰ ਪੈਦਾ ਕਰਨ ਵਾਲਾ ਕਿਸੇ ਪਿੰਡ ਦੇ ਟੋਭੇ ਦਾ ਰੂਪ ਧਾਰਨ ਕਰ ਚੁੱਕਾ ਹੈ।
ਅਕਾਲੀ ਦਲ ਦੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਮਦਦ ਨਾਲ ਸੰਗੀਤਮਈ ਫੁਹਾਰੇ ਨੂੰ ਮੁੜ ਚਾਲੂ ਕਰਨ ਲਈ 15 ਲੱਖ ਰੁਪਏ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਹੁਣ ਤੱਕ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ। ਇਹੀ ਨਹੀਂ ਪਾਰਕ ’ਚੋਂ ਕੰਪਿਊਟਰ ਅਤੇ ਮਿਊਜ਼ਿਕ ਸਿਸਟਮ ਵੀ ਚੋਰੀ ਹੋ ਚੁੱਕਾ ਹੈ ਅਤੇ ਕੰਪਿਊਟਰ ਤੇ ਮਿਊਜ਼ਿਕ ਰੂਮ ਨੂੰ ਹੁਣ ਚੌਕੀਦਾਰ ਨੇ ਰਹਿਣ ਬਸੇਰਾ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੰਗਤੀਮਈ ਫੁਹਾਰਾ ਪਾਰਕ ਵਿੱਚ ਸੈਰ ਕਰਨ ਆਉਂਦੇ ਲੋਕਾਂ ਦਾ ਮਨੋਰੰਜਨ ਕਰਦਾ ਸੀ ਅਤੇ 30 ਫੁੱਟ ਉੱਚਾ ਫੁਹਾਰਾ ਚੱਲਣ ਕਾਰਨ ਹਵਾ ਵੀ ਸ਼ੁੱਧ ਰਹਿੰਦੀ ਸੀ ਅਤੇ ਪਾਰਕ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗਦੇ ਸੀ। ਮੌਜੂਦਾ ਸਮੇਂ ਵਿੱਚ ਅੱਧੇ ਪਾਰਕ ਦੀਆਂ ਲਾਈਟਾਂ ਬੰਦ ਹਨ, ਗੇਟ ਟੁੱਟਿਆਂ ਹੋਣ ਕਾਰਨ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ।