
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਚਾਰ ਕੈਡਿਟ ਬਣੇ ਭਾਰਤੀ ਹਵਾਈ ਸੈਨਾ ਦੇ ਕਮਿਸ਼ਨਡ ਅਫ਼ਸਰ
ਭਾਰਤ ਦੇ ਰਾਸ਼ਟਰਪਤੀ ਵੱਲੋਂ ਏਅਰ ਫੋਰਸ ਅਕੈਡਮੀ, ਡੰਡੀਗਲ ਵਿਖੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) ਸੈਕਟਰ-77 (ਮੁਹਾਲੀ) ਦੇ ਚਾਰ ਕੈਡਿਟਾਂ ਇਸ਼ਾਨ ਬਖ਼ਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖ਼ਸ਼ੀ ਅਤੇ ਅਰਮਾਨਦੀਪ ਸਿੰਘ ਸੋਢੀ ਨੂੰ ਅੱਜ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਵਿਖੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਉਪਰੰਤ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਸ੍ਰੀਮਤੀ ਦਰੋਪਦੀ ਮੁਰਮੂ ਨੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ।
ਇਨ੍ਹਾਂ ਕੈਡਿਟਾਂ ਸਮੇਤ ਪਿਛਲੇ 11 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਕੁੱਲ 140 ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਮਾਰਚ 2022 ਤੋਂ ਹੁਣ ਤੱਕ ਇਸ ਸੰਸਥਾ ਦੇ ਕੁੱਲ 38 ਕੈਡਿਟਾਂ ਨੂੰ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਇਨ੍ਹਾਂ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਅਫ਼ਸਰ ਬਣਨ ’ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਮੁੱਚੇ ਪੰਜਾਬ ਨੂੰ ਇਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਹੈ। ਕੈਬਨਿਟ ਮੰਤਰੀ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ ਨੇ ਇਨ੍ਹਾਂ ਹੋਣਹਾਰ ਕੈਡਿਟਾਂ ਨੂੰ ਇੰਸਟੀਚਿਊਟ ਦੇ ਮੋਟੋ ‘ਨਿਸਚੈ ਕਰਿ ਅਪੁਨੀ ਜੀਤ ਕਰੋ’ ਉੱਤੇ ਖਰਾ ਉੱਤਰਨ ਅਤੇ ਪੰਜਾਬ ਦੇ ਯੋਗ ਸਪੂਤ ਅਤੇ ਮੁਲਕ ਦੇ ਸੱਚੇ ਸਿਪਾਹੀ ਬਣਨ ਦਾ ਸੱਦਾ ਦਿੱਤਾ।