nabaz-e-punjab.com

ਸਰਕਾਰੀ ਸਕੂਲ ਮੱਛਲੀ ਕਲਾਂ ਵਿੱਚ ‘ਚਾਰ ਰੋਜ਼ਾ ਪਾਇਲਟ ਪ੍ਰਾਜੈਕਟ ਵਿਗਿਆਨ ਕਿਰਿਆਤਮਕ ਮੇਲਾ’ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਦੇ ਪਾਠਕ੍ਰਮ ਨੂੰ ‘ਕਰੋ ਅਤੇ ਸਿੱਖੋ’ ਦੇ ਨਿਵੇਕਲੇ ਢੰਗ ਨਾਲ਼ ਪੜ੍ਹਾਉਣ ਦੇ ਸਿੱਖਿਆ ਵਿਭਾਗ ਦੇ ਪ੍ਰਯੋਗੀ ਉਪਰਾਲੇ ਦਾ ਚਾਰ ਰੋਜ਼ਾ ਪਾਇਲਟ ਪ੍ਰੋਜੈਕਟ ‘ਵਿਗਿਆਨ ਕਿਰਿਆਤਮਕ ਮੇਲਾ’ ਕੱਲ੍ਹ ਜ਼ਿਲ੍ਹੇ ਦੇ ਪਿੰਡ ਮੱਛਲੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਫ਼ਲਤਾ ਪੂਰਵਕ ਸੰਪੰਨ ਹੋਇਆ। ਸਕੁਲ ਦੀ ਪ੍ਰਿੰਸੀਪਲ ਸ੍ਰੀਮਤੀ ਨਵੀਨ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਇਸ ਸਕੂਲ ਦੇ ਸਾਇੰਸ ਮਾਸਟਰ ਅਮਰਜੀਤ ਸਿੰਘ ਦੇ ਜਤਨਾਂ ਸਦਕਾ ਹੀ ਮੱਛਲੀਕਲਾਂ ਦੇ ਸਕੂਲ ਨੂੰ ਸੂਬੇ ਭਰ ਦੇ ਸਕੂਲਾਂ ਵਿੱਚ ਲਾਗੂ ਹੋਣ ਵਾਲ਼ੇ ਇਸ ਪਾਇਲਟ ਪ੍ਰੋਜੈਕਟ ਨੂੰ ਪ੍ਰੀਖਣ ਵਜੋਂ ਆਯੋਜਿਤ ਕਰਨ ਦਾ ਮੌਕਾ ਮਿਲਿਆ।
ਉਹਨਾਂ ਦੱਸਿਆ ਕਿ ਸਾਇੰਸ ਵਿਸ਼ੇ ਦੇ ਸਟੇਟ ਪ੍ਰੋਜੈਕਟ ਕੁਆਰਡੀਨੇਟਰ ਰਾਜੇਸ਼ ਜੈਨ ਦੀ ਅਗਵਾਈ ਵਿੱਚ ਵਿਗਿਆਨ ਵਿਸ਼ੇ ਦੇ ਲੈਕਚਰਾਰਾਂ ਅਤੇ ਅਧਿਆਪਕਾਂ-ਪਟਿਆਲਾ ਜ਼ਿਲ੍ਹੇ ਦੇ ਅਵਿਸ਼ੇਕ ਜਲੋਟਾ, ਅਮਰਦੀਪ ਸਿੰਘ ਅਤੇ ਅਭਿਨਵ ਜੋਸ਼ੀ, ਮਾਨਸਾ ਦੇ ਅਨੁਪਮ ਮਦਾਨ, ਸੰਗਰੂਰ ਦੇ ਹਰਮਨਦੀਪ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਗੁਰਸੇਵਕ ਸਿੰਘ ਅਤੇ ਅਮਰਜੀਤ ਸਿੰਘ ਨੇ ਇਸ ਚਾਰ ਰੋਜ਼ਾ ਵਿਗਿਆਨ ਮੇਲੇ ਦੌਰਾਨ ਛੇਵੀਂ ਤੋਂ ਅਠਵੀਂ ਜਮਾਤਾਂ ਦੇ 185 ਵਿਦਿਆਰਥੀ-ਵਿਦਿਆਰਥਣਾਂ ਨੂੰ ਉਹਨਾਂ ਦੇ ਵਿਗਿਆਨ ਵਿਸ਼ੇ ਦੇ ਪਾਠਕ੍ਰਮ ਨਾਲ਼ ਸਬੰਧਤ ਗਤੀਵਿਧੀਆਂ ਨੂੰ ਹੱਥੀਂ ਕਰਨ ਅਤੇ ਹੋਰਨਾਂ ਅੱਗੇ ਪ੍ਰਦਰਸ਼ਿਤ ਕਰਨ ਦਾ ਮੌਕਾ ਉਪਲਬਧ ਕਰਵਾਇਆ।
ਸਕੂਲ ਦੇ ਸਾਇੰਸ ਮਾਸਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਮੇਲੇ ਦੇ ਅੰਤਿਮ ਦਿਨ ਸਕੂਲ ਭਵਨ ਵਿੱਚ ਲਾਏ 40 ਸਟਾਲਾਂ ਉੱਤੇ ਬੱਚਿਆਂ ਵੱਲੋਂ ਖ਼ੁਦ ਦੇ ਤਿਆਰ ਕੀਤੇ ਮਾਡਲਾਂ ਅਤੇ ਚਾਰਟਾਂ ਦੁਆਰਾ ਮਨੁੱਖੀ ਸਰੀਰ ਵਿੱਚ ਮੌਜੂਦ ਹੱਡੀਆਂ ਅਤੇ ਹੱਡੀ-ਜੋੜਾਂ, ਵਾਯੂ-ਮੰਡਲ ਦੇ ਦਬਾਅ, ਮਿੱਟੀ ਦੀ ਪਰਖ, ਪ੍ਰਕਾਸ਼ ਦੀ ਗਤੀਸ਼ੀਲਤਾ, ਪੌਦਿਆਂ ਅਤੇ ਜੰਤੂਆਂ ਦੇ ਸੈੱਲਾਂ, ਬਿਜਲਈ-ਸਰਕਟ ਦੀਆਂ ਵਿਸ਼ੇਸ਼ਤਾਵਾਂ, ਸਥਾਈ ਅਤੇ ਬਿਜਲਈ-ਚੁੰਬਕ ਦੀਆਂ ਵਿਸ਼ੇਸ਼ਤਾਵਾਂ, ਭੋਜਨ ਦੇ ਪੋਸ਼ਕ ਤੱਤਾਂ, ਭੋਜਨ ਪਦਾਰਥਾਂ ਵਿੱਚ ਮਿਲਾਵਟ ਦੀ ਪਰਖ, ਬੈਟਰੀ ਦੀ ਕਾਰਜ-ਪ੍ਰਣਾਲੀ ਆਦਿ ਦੀ ਜਾਣਕਾਰੀ ਸਹਿਪਾਠੀਆਂ, ਮੇਲੇ ਵਿੱਚ ਆਏ ਮਾਪਿਆਂ, ਪੰਚਾਇਤ ਮੈਂਬਰਾਂ, ਐਸਐਮਸੀ ਮੈਂਬਰਾਂ ਅਤੇ ਹੋਰ ਦਰਸ਼ਕਾਂ ਨਾਲ਼ ਸਾਂਝੀ ਕੀਤੀ ਗਈ।
ਪ੍ਰਿੰਸੀਪਲ ਨਵੀਨ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਮੇਲੇ ਦੇ ਆਖ਼ਰੀ ਦਿਨ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਸੰਸਥਾ ਦੇ ਡਿਪਟੀ ਡਾਇਰੈਟਰ ਜਰਨੈਲ ਸਿੰਘ ਅਤੇ ਸਹਾਇਕ ਡਾਇਰੈਕਟਰ ਸੁਨੀਲ ਕੁਮਾਰ ਨੇ ਇਸ ਮੇਲੇ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਲੈਣ ਲਈ ਸਕੂਲ ਦਾ ਦੌਰਾ ਕੀਤਾ ਅਤੇ ਸਾਰੇ ਸਟਾਲਾਂ ’ਤੇ ਖ਼ੁਦ ਜਾ ਕੇ ਬੱਚਿਆਂ ਤੋਂ ਜਾਣਕਾਰੀ ਲਈ। ਉਹਨਾਂ ਇਸ ਉਪਰਾਲੇ ਨੂੰ ਸਫ਼ਲ ਕਰਾਰਦਿਆਂ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਸਾਰੀਆਂ ਧਿਰਾਂ ਦੀ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…