ਐਸਵਾਈਐਲ: ਧਾਰਾ 144 ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਇਨੈਲੋ ਆਗੂ ਅਭੇ ਚੋਟਾਲਾ ਸਮੇਤ ਸਾਰੇ ਆਗੂ ਰਿਹਾਅ

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੀਤੀ ਸੀ ਗ੍ਰਿਫ਼ਤਾਰ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਉਸਾਰੀ ਸਬੰਧੀ ਧਾਰਾ 144 ਦੀ ਉਲੰਘਣਾ ਦੇ ਦੋਸ਼ ਵਿੱਚ ਜ਼ਿਲ੍ਹਾ ਪਟਿਆਲਾ ਪੁਲੀਸ ਵੱਲੋਂ ਬੀਤੀ 23 ਫਰਵਰੀ ਨੂੰ ਸੰਭੂ ਬਾਰਡਰ ਨੇੜਿਓਂ ਗ੍ਰਿਫ਼ਤਾਰ ਕੀਤੇ ਇਨੈਲੋ ਦੇ ਆਗੂ ਅਭੈ ਚੋਟਾਲਾ ਸਮੇਤ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਉਸਾਰੀ ਕਰਨ ਬਾਰੇ ਦਿੱਤਾ ਫੈਸਲਾ ਲਾਗੂ ਕਰਨ ਤੋਂ ਬਾਅਦ ਗੁਆਂਢੀ ਸੂਬਾ ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂਆਂ ਅਤੇ ਵਰਕਰਾਂ ਵੱਲੋਂ ਬੀਤੀ 23 ਫਰਵਰੀ ਨੂੰ ਨਹਿਰ ਦੀ ਉਸਾਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੀ ਚੌਕਸੀ ਕਾਰਨ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂਆਂ ਅਤੇ ਵਰਕਰਾਂ ਦਾ ਐਸਵਾਈਐਲ ਨਹਿਰ ਦੀ ਉਸਾਰੀ ਦਾ ਪ੍ਰੋਗਰਾਮ ਠੁੱਸ ਹੋ ਗਿਆ ਸੀ।
ਉਧਰ, ਐਸਵਾਈਐਲ ਨਹਿਰ ਦੀ ਉਸਾਰੀ ਦੇ ਮੱਦੇਨਜ਼ਰ ਧਾਰਾ 144 ਦੀ ਉਲੰਘਣਾ ਕਰਕੇ ਹਰਿਆਣਾ ਤੋਂ ਪੰਜਾਬ ਵਿੱਚ ਜਬਰਦਸਤੀ ਦਾਖ਼ਲ ਹੋਣ ’ਤੇ ਪਟਿਆਲਾ ਪੁਲੀਸ ਨੇ ਇਨੈਲੋ ਦੇ ਆਗੂ ਅਭੈ ਚੋਟਾਲਾ, ਚਰਨਜੀਤ ਸਿੰਘ ਰੋੜੀ, ਸ੍ਰੀ ਰਾਮ ਕੁਮਾਰ ਕਸ਼ਯਪ, ਅਰਜੁਨ ਚੋਟਾਲਾ ਸਮੇਤ ਇਨੈਲੋ ਦੇ ਕਰੀਬ 74 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਸੰਭੂ ਥਾਣੇ ਵਿੱਚ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨੈਲੋ ਆਗੂਆਂ ਨੂੰ ਰਾਜਪੁਰਾ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਐਸਡੀਐਮ ਨੇ ਇਨ੍ਹਾਂ ਸਾਰੇ ਆਗੂਆਂ ਨੂੰ 27 ਫਰਵਰੀ ਤੱਕ ਕੇਂਦਰੀ ਜੇਲ ਪਟਿਆਲਾ ਵਿੱਚ ਭੇਜ ਦਿੱਤਾ ਸੀ। ਜਿਨ੍ਹਾਂ ਨੂੰ ਅੱਜ ਪੇਸ਼ੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਉਂਜ ਇਸ ਸਬੰਧੀ ਰਾਜਸੀ ਆਗੂਆਂ ਤੋਂ ਜ਼ਮਾਨਤੀ ਬਾਂਡ ਭਰਵਾਏ ਗਏ ਹਨ।
ਇੱਥੇ ਇਹ ਖਾਸ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਆਪਣੀ ਟਿੱਪਣੀ ਕਰਦਿਆਂ ਕਿਹਾ ਸੀ ਕਿ ਦੂਰ-ਅੰਦੇਸ਼ੀ ਦੇ ਤਕਾਜ਼ਾ ਇਸ ਗੱਲ ਦੀ ਮੰਗ ਕਰਦਾ ਹੈ ਕਿ 23 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਸਤਲੁਜ-ਯਮੁਨਾ ਸੰਪਰਕ ਨਹਿਰ ਦੀ ਖੁਦਾਈ ਦਾ ਅਸਫਲ ਯਤਨ ਕਰਦੇ ਸਮੇਂ ਪੰਜਾਬ ਪੁਲੀਸ ਵੱਲੋਂ ਅਤਿਆਤਨ ਹਿਰਾਸਤ ਵਿੱਚ ਲਏ ਇਨੈਲੋ ਦੇ ਲੀਡਰਾਂ ਅਤੇ ਵਰਕਰਾਂ ਨੂੰ ਹੁਣ ਕੇਂਦਰੀ ਜੇਲ੍ਹ ਪਟਿਆਲਾ ’ਚੋਂ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਹਿਰਾਸਤ ਵਿੱਚ ਲਏ ਗਏ ਇਨੈਲੋ ਦੇ ਇਨ੍ਹਾਂ ਆਗੂਆਂ ਨੂੰ 27 ਫਰਵਰੀ ਨੂੰ ਦੁਬਾਰਾ ਸਬ ਡਿਵੀਜ਼ਨਲ ਮੈਜਿਸਟਰੇਟ, ਰਾਜਪੁਰਾ ਦੀ ਅਦਾਲਤ ਵਿੱਚ ਪਟਿਆਲਾ ਪੁਲੀਸ ਵੱਲੋਂ ਭਾਰੀ ਸੁਰੱਖਿਆਂ ਪ੍ਰਬੰਧਾਂ ਹੇਠ ਮੁੜ ਪੇਸ਼ ਕੀਤਾ ਜਾਣਾ ਹੈ। ਸ੍ਰੀ ਬੀਰਦਵਿੰਦਰ ਸਿੰਘ ਨੇ ਆਪਣਾ ਤਰਕ ਦਿੰਦਿਆਂ ਕਿਹਾ ਸੀ ਕਿ ਇਨੈਲੋ ਦੇ ਸੰਕੇਤਕ ਪ੍ਰਦਰਸ਼ਨ ਤੋਂ ਬਾਅਦ ਹੁਣ ਇਨ੍ਹਾਂ ਲੀਡਰਾਂ ਨੂੰ ਹੋਰ ਵਾਧੂ ਸਮੇਂ ਲਈ ਜੇਲ੍ਹ ਵਿੱਚ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਲਿਹਾਜ਼ਾ ਪੰਜਾਬ ਸਰਕਾਰ ਨੂੰ ਦਾਨਾਈ ਦਾ ਸਬੂਤ ਦਿੰਦੇ ਹੋਏ 27 ਫਰਵਰੀ ਦੀ ਉਡੀਕ ਕੀਤੇ ਬਿਨਾਂ, ਗੁਆਂਢੀ ਪ੍ਰਾਂਤ ਦੇ ਸਿਆਸੀ ਕਾਰਕੁਨਾਂ ਨੂੰ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…