Nabaz-e-punjab.com

ਮੁਹਾਲੀ ਵਿੱਚ ਕਰੋਨਾ ਦੇ ਚਾਰ ਹੋਰ ਨਵੇਂ ਕੇਸ ਸਾਹਮਣੇ ਆਏ, 3 ਠੀਕ ਹੋ ਕੇ ਘਰ ਪਰਤੇ

ਹੁਣ ਤੱਕ 226 ਮਾਮਲੇ ਸਾਹਮਣੇ ਆਏ, 3 ਮੌਤਾਂ, 171 ਠੀਕ ਹੋਏ, 52 ਮਰੀਜ਼ ਜੇਰੇ ਇਲਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਮੁਹਾਲੀ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਚਾਰ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 226 ਤੱਕ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 52 ਨਵੇਂ ਕੇਸ ਐਕਟਿਵ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ। ਚਾਰ ਪੀੜਤ ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ ਤਿੰਨ ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਸ਼ਾਮ ਲਾਲ (43), ਸ਼ਾਸਤਰੀ (16), ਦੀਪਾਂਸ਼ੂ (15), ਰੋਹਿਤ ਕੁਮਾਰ (36) ਸਾਰੇ ਪੀੜਤ ਮਰੀਜ਼ ਇੱਥੋਂ ਦੇ ਸੈਕਟਰ-91 ਦੇ ਵਸਨੀਕ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਦੀਪਾਂਸ਼ੂ ਹਾਲ ਹੀ ਵਿੱਚ ਦਿੱਲੀ ਤੋਂ ਵਾਪਸ ਪਰਤਿਆ ਹੈ। ਉੱਥੇ ਕਰੋਨਾ ਪੀੜਤ ਮਰੀਜ਼ ਦੇ ਸੰਪਰਕ ਆਉਣ ਕਾਰਨ ਲਪੇਟੇ ਵਿੱਚ ਆ ਗਿਆ ਜਦੋਂਕਿ ਰੋਹਿਤ ਕੁਮਾਰ ਹਿਮਾਚਲ ਪ੍ਰਦੇਸ਼ ਤੋਂ ਮੁਹਾਲੀ ਆਇਆ ਹੈ। ਰੋਹਿਤ ਵੀ ਹਿਮਾਚਲ ਵਿੱਚ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਆ ਗਿਆ ਸੀ। ਮੁਹਾਲੀ ਆਉਣ ’ਤੇ ਜਦੋਂ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਅਤੇ ਅੱਜ ਉਕਤ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਤਿੰਨ ਪੀੜਤ ਮਰੀਜ਼ਾਂ ਕੁਸ਼ੱਲਿਆ (45) ਵਾਸੀ ਮੁਬਾਰਕਪੁਰ, ਕਰਨ (13) ਵਾਸੀ ਨਵਾਂ ਗਾਉਂ ਅਤੇ ਵਿਦਿਆ ਦੇਵੀ (65) ਵਾਸੀ ਖਰੜ ਦੇ ਤੰਦਰੁਸਤ ਹੋਣ ਉਪਰੰਤ ਅੱਜ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਂਜ ਉਨ੍ਹਾਂ ਕਿਹਾ ਕਿ ਭਾਵੇਂ ਠੀਕ ਹੋਣ ਉਪਰੰਤ ਉਕਤ ਮਰੀਜ਼ਾਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਸਾਵਧਾਨੀ ਵਜੋਂ ਅਗਲੇ ਹੁਕਮਾਂ ਤੱਕ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਆਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਮੁਹਾਲੀ ਸਮੇਤ ਹੋਰ ਵੱਖ-ਵੱਖ ਫਲੂ ਕਾਰਨਰਾਂ ਤੋਂ 245 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਦੋਂਕਿ ਪੁਰਾਣੀਆਂ ਰਿਪੋਰਟਾਂ ’ਚੋਂ ਅੱਜ 123 ਨਮੂਨਿਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ’ਚੋਂ ਚਾਰ ਪਾਜ਼ੇਟਿਵ ਅਤੇ ਬਾਕੀ 119 ਰਿਪੋਰਟਾਂ ਨੈਗੇਟਿਵ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 226 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ 171 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 52 ਹੈ। ਇਹ ਸਾਰੇ ਪੀੜਤ ਮਰੀਜ਼ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …