ਮੁਹਾਲੀ ਵਿੱਚ ਕਰੋਨਾ ਮਹਾਮਾਰੀ ਦੇ 4 ਹੋਰ ਨਵੇਂ ਮਾਮਲੇ ਸਾਹਮਣੇ ਆਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਮੁਹਾਲੀ ਵਿੱਚ ਕਰੋਨਾਵਾਇਰਸ ਤੋਂ ਪੀੜਤ ਬੁੱਧਵਾਰ ਨੂੰ ਚਾਰ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 327 ਹੋ ਗਈ ਹੈ। ਜਿਨ੍ਹਾਂ ’ਚੋਂ 73 ਨਵੇਂ ਕੇਸ ਐਕਟਿਵ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ ਚਾਰ ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦਾ ਰੋਹਿਤ ਕੁਮਾਰ (22), ਸੈਕਟਰ-48ਸੀ ਦਾ 54 ਸਾਲਾ ਵਿਅਕਤ ਅਤੇ ਸੈਕਟਰ-104 ਦੇ
42 ਸਾਲਾ ਅਤੇ 14 ਸਾਲਾ ਨੌਜਵਾਨ ਦੀ ਅੱਜ ਸ਼ਾਮ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰੇ ਪੀੜਤ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੱਜ ਪਿੰਡ ਸੰਤੇਮਾਜਰਾ ਦੇ ਕਰੋਨਾ ਪੀੜਤ ਮ੍ਰਿਤਕ ਵਿਅਕਤੀ ਦਾ ਬਿਜਲਈ ਸਸਕਾਰ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 327 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਛੇ ਮਰੀਜ਼ਾਂ ਪੀਟੀਸੀ ਟੀਵੀ ਮੀਡੀਆ ਦੇ ਸੀਨੀਅਰ ਪੱਤਰਕਾਰ ਤੇ ਐਂਕਰ ਦਵਿੰਦਰਪਾਲ ਸਿੰਘ ਸਮੇਤ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਅਤੇ ਜ਼ੀਰਕਪੁਰ ਦੀ ਅੌਰਤ ਅਤੇ ਹੋਰ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 248 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 73 ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਧਰ 11 ਕਰੋਨਾ ਪੀੜਤ ਮਰੀਜ਼ ਕਰੋਨਾ ਮਹਾਮਾਰੀ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਉਧਰ, ਪੰਜਾਬ ਵਿੱਚ ਕਰੋਨਾਵਾਇਰਸ ਮਹਾਮਾਰੀ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਤੰਦਰੁਸਤੀ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਮਾੜੀ ਮੋਟੀ ਤਕਲੀਫ਼ ਹੋਣ ’ਤੇ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਲੈਣ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਵਧ ਰਹੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਾਇਨੀਕਾਲੋਜੀ ਓਪੀਡੀ ਅਤੇ ਜਨਰਲ ਓਪੀਡੀ ਸੇਵਾਵਾਂ ਲਈ ਈ-ਸੰਜੀਵਨੀ ਓਪੀਡੀ ਦਾ ਸਮਾਂ ਸਵੇਰੇ 8 ਤੋਂ ਬਅਦ ਦੁਪਹਿਰ 2 ਵਜੇ (ਸੋਮਵਾਰ ਤੋਂ ਸਨਿਚਰਵਾਰ) ਤੱਕ ਵਧਾ ਦਿੱਤਾ ਹੈ। ਇਹ ਕਦਮ ਮਾਹਰ ਡਾਕਟਰਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਮਰੀਜ਼ਾਂ ਲਈ ਉਪਲਬਧ ਕਰਵਾਉਣ ਅਤੇ ਪੰਜਾਬ ਭਰ ਵਿੱਚ ਆਨਲਾਈਨ ਟੈਲੀਕਾਨਸਲਟੇਸ਼ਨ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।

Load More Related Articles

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…