AGFT arrested 4 aides of Lawrence Bishnoi

ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਸ਼ੂਟਰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਨੂੰ ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦੇ ਸਨ ਗ੍ਰਿਫ਼ਤਾਰ ਮੁਲਜ਼ਮ, ਮੁਹਾਲੀ ਥਾਣੇ ’ਚ ਕੇਸ ਦਰਜ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਵਿਰੋਧੀ ਗਰੋਹ ’ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਸੀ ਮੁਲਜ਼ਮ: ਡੀਜੀਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਮੁੱਖ ਸ਼ੂਟਰਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਹਿਫ਼ੂਜ਼ ਉਰਫ਼ ਵਿਸ਼ਾਲ ਖ਼ਾਨ ਵਾਸੀ ਸੈਦਪੁਰਾ, ਡੇਰਾਬੱਸੀ, ਮਨਜੀਤ ਸਿੰਘ ਉਰਫ਼ ਗੁਰੀ ਵਾਸੀ ਖੇੜੀ ਗੱੁਜਰਾਂ, ਡੇਰਾਬੱਸੀ, ਅੰਕਿਤ ਵਾਸੀ ਨਰੈਣਪੁਰ, ਪੰਚਕੂਲਾ ਅਤੇ ਗੋਲਡੀ ਵਾਸੀ ਖੇੜੀ, ਪੰਚਕੂਲਾ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਮੁਹਾਲੀ ਸਥਿਤ ਏਜੀਟੀਐਫ਼ ਥਾਣੇ ਵਿੱਚ ਦੀ ਧਾਰਾ 384 ਅਤੇ 120-ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 6 ਪਿਸਤੌਲ ਸਮੇਤ 26 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਮਿਲਣ ’ਤੇ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਆਈਜੀ ਸੰਦੀਪ ਗੋਇਲ ਦੀ ਅਗਵਾਈ ਵਾਲੀ ਟੀਮ ਨੇ ਉਕਤ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿਰੋਧੀ ਗੈਂਗ ਦੇ ਮੈਂਬਰਾਂ ’ਤੇ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਸਨ।
ਡੀਜੀਪੀ ਯਾਦਵ ਨੇ ਦੱਸਿਆ ਕਿ ਉਪਰੋਕਤ ਚਾਰੇ ਮੁਲਜ਼ਮ ਪੁਰਾਣੇ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਪੰਜਾਬ ਸਮੇਤ ਹਰਿਆਣਾ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਇਰਾਦਾ-ਏ-ਕਤਲ, ਲਗਜ਼ਰੀ ਕਾਰਾਂ ਖੋਹਣ, ਜਬਰਨ ਵਸੂਲੀ, ਅਸਲਾ ਐਕਟ ਅਤੇ ਘਿਣਾਉਣੇ ਗੁਨਾਹਾਂ ਦੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਮਹਿਫ਼ੂਜ਼ ਉਰਫ਼ ਵਿਸ਼ਾਲ ਛੇ ਪਿਸਤੌਲਾਂ ਦੀ ਬਰਾਮਦਗੀ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ, ਜਿਸ ਕੇਸ ਵਿੱਚ ਉਸ ਦੇ ਇੱਕ ਸਾਥੀ ਨਿਤੀਸ਼ ਰਾਣਾ ਨੂੰ ਢਕੋਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਵਿਸ਼ਾਲ ਉਸ ਸਮੇਂ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਮਲਜ਼ਮ ਵਿਸ਼ਾਲ ਮਾਰਚ 2022 ਵਿੱਚ ਮੁਹਾਲੀ ਸਥਿਤ ਇੱਕ ਪਬ ਐਂਡ ਰੈਸਟੋਰੈਂਟ ਬਰੀਊ ਬ੍ਰੋਸ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਜਬਰੀ ਪੈਸੇ ਵਸੂਲਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …