Nabaz-e-punjab.com

ਲਾਂਡਰਾਂ ਸੜਕ ’ਤੇ ਪਿੰਡ ਰਾਏਪੁਰ ਕਲਾਂ ਨੇੜੇ ਹਾਦਸੇ ਵਿੱਚ ਕਾਰ ’ਚ ਸਵਾਰ ਚਾਰ ਨੌਜਵਾਨ ਜ਼ਖ਼ਮੀ

ਪੀੜਤਾਂ ਵੱਲੋਂ ਪੁਲੀਸ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਇੱਥੋਂ ਦੇ ਲਾਂਡਰਾਂ-ਬਨੂੜ ਸੜਕ ’ਤੇ ਸਥਿਤ ਪਿੰਡ ਰਾਏਪੁਰ ਕਲਾਂ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀ ਅਮਰਿੰਦਰ ਸਿੰਘ ਵਾਸੀ ਸੈਕਟਰ-91, ਹਰਦੀਪ ਸਿੰਘ ਵਾਸੀ ਕੁੰਮਕਲਾਂ, ਜਸਪ੍ਰੀਤ ਸਿੰਘ ਵਾਸੀ ਲੌਂਗੋਵਾਲ ਅਤੇ ਰਣਜੋਧ ਸਿੰਘ ਵਾਸੀ ਡੱਬਵਾਲੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ’ਚੋਂ ਹਰਦੀਪ ਸਿੰਘ ਅਤੇ ਰਣਜੋਧ ਸਿੰਘ ਦੀ ਹਾਲਤ ਡਾਕਟਰਾਂ ਵੱਲੋਂ ਨਾਜ਼ੁਕ ਦੱਸੀ ਗਈ ਹੈ। ਜਦੋਂਕਿ ਦੂਜੀ ਹਾਦਸਾ ਗ੍ਰਸਤ ਹਾਂਡਾ ਸਵਿਕ ਕਾਰ ਵਿੱਚ ਸਵਾਰ ਵਿਅਕਤੀ ਆਪਣੀ ਕਾਰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਲੰਘੀ ਦੇਰ ਰਾਤ ਬਨੂੜ ਤੋਂ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਵਾਪਸ ਘਰ ਆ ਰਹੇ ਸਨ। ਜਿਨ੍ਹਾਂ ਨਾਲ ਇੱਕ ਹੋਰ ਗੱਡੀ ਵਿੱਚ ਉਸ ਦੇ ਸਾਥੀ ਉਨ੍ਹਾਂ ਪਿੱਛੇ ਆ ਰਹੇ ਸਨ। ਜਦੋਂ ਉਹ ਪਿੰਡ ਰਾਏਪੁਰ ਕਲਾਂ ਨੇੜੇ ਪਹੁੰਚੇ ਤਾਂ ਇਸ ਦੌਰਾਨ ਇੱਕ ਹਾਂਡਾ ਸਵਿਕ ਕਾਰ ਪਿੰਡ ’ਚੋਂ ਮੁੱਖ ਸੜਕ ’ਤੇ ਚੜ੍ਹਨ ਲੱਗੀ ਤਾਂ ਇਸ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਕਾਰ ਕਈ ਵਾਰ ਪਲਟੀ ਖਾਣ ਤੋਂ ਬਾਅਦ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ ਅਤੇ ਇਸ ਹਾਦਸੇ ਵਿੱਚ ਉਸ (ਅਮਰਿੰਦਰ ਸਿੰਘ) ਸਮੇਤ ਹਰਦੀਪ ਸਿੰਘ ਵਾਸੀ ਕੁੰਮ-ਕਲਾਂ, ਜਸਪ੍ਰੀਤ ਸਿੰਘ ਵਾਸੀ ਲੌਂਗੋਵਾਲ ਅਤੇ ਰਣਜੋਧ ਸਿੰਘ ਵਾਸੀ ਡੱਬਵਾਲੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੱਛੇ ਆ ਰਹੀ ਗੱਡੀ ਵਿੱਚ ਸਵਾਰ ਉਨ੍ਹਾਂ ਦੇ ਸਾਥੀਆਂ ਨੇ ਜ਼ਖ਼ਮੀਆਂ ਨੂੰ ਬੜੀ ਮੁਸ਼ਕਲ ਨਾਲ ਹਾਦਸਾ ਗ੍ਰਸਤ ਕਾਰ ’ਚੋਂ ਬਾਹਰ ਕੱਢਿਆ ਅਤੇ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੀੜਤ ਧਿਰ ’ਚੋਂ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਹਾਂਡਾ ਸਵਿਕ ਕਾਰ ਵਿੱਚ ਸਵਾਰ ਵਿਅਕਤੀ ਆਪਣੀ ਕਾਰ ’ਚੋਂ ਸਾਰੇ ਦਸਤਾਵੇਜ਼ ਕੱਢ ਕੇ ਅਤੇ ਕਾਰ ਨੂੰ ਘਟਨਾ ਸਥਾਨ ’ਤੇ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸੋਹਾਣਾ ਦੇ ਐਸਐਚਓ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਪ੍ਰੰਤੂ ਹੁਣ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਹਾਂਡਾ ਸਵਿਕ ਕਾਰ ਵਿੱਚ ਸਵਾਰ ਵਿਅਕਤੀ ਪੁਲੀਸ ਮੁਲਾਜ਼ਮ ਦੱਸੇ ਜਾ ਰਹੇ ਹਨ। ਜਿਸ ਕਾਰਨ ਇਨ੍ਹਾਂ ਵਿਅਕਤੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲੀਸ ਉਲਟਾ ਉਨ੍ਹਾਂ ਨੂੰ ਇਹ ਕਹਿ ਰਹੀ ਹੈ ਕਿ ਇਹ ਤਾਂ ਜਾਂਚ ਵਿੱਚ ਪਤਾ ਲੱਗੇਗਾ ਕਿ ਕਸੂਰਵਾਰ ਕੌਣ ਹਨ। ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…