Nabaz-e-punjab.com

ਹੈਲਪਿੰਗ ਹੈਪਲੈਸ ਦੀ ਮਦਦ ਨਾਲ ਸਾਊਦੀ ਅਰਬ ’ਚ ਫਸੇ ਚਾਰ ਨੌਜਵਾਨ ਵਤਨ ਪਰਤੇ

ਬੇਗਾਨੇ ਮੁਲਕ ਵਿੱਚ ਨਾਮੀ ਕੰਪਨੀ ਵਿੱਚ ਚੰਗੀ ਤਨਖ਼ਾਹ ’ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਏਜੰਟ ਨੇ ਲੱਖਾਂ ਰੁਪਏ ਠੱਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਪੰਜਾਬ ਵਿੱਚ ਟਰੈਵਲ ਏਜੰਟਾਂ ਦੀ ਧੋਖਾਧੜੀ ਕਾਰਨ ਵਿਦੇਸ਼ੀ ਮੁਲਕ ਵਿੱਚ ਨੌਜਵਾਨਾਂ ’ਤੇ ਤਸ਼ੱਦਦ, ਪੈਸੇ ਦੀ ਬਰਬਾਦੀ ਅਤੇ ਖੱਜਲ ਖੁਆਰੀ ਅਜੋਕੇ ਸਮੇਂ ਵਿੱਚ ਇਕ ਆਮ ਜਿਹੀ ਗੱਲ ਹੋ ਗਈ ਹੈ ਅਤੇ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਪੁਰਾ ਕਰਨ ਦੇ ਚੱਕਰ ਵਿੱਚ ਏਜੰਟਾਂ ਬਾਰੇ ਬਹੁਤੀ ਪੁੱਛ ਪੜਤਾਲ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਹਨ ਅਤੇ ਬੇਗਾਨੇ ਮੁਲਕ ਵਿੱਚ ਜਾ ਕੇ ਬੰਦੀ ਬਣ ਕੇ ਰਹਿ ਜਾਂਦੇ ਹਨ। ਅਜਿਹਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸਾਊਦੀ ਅਰਬ ਵਿੱਚ ਫਸੇ ਰੂਪਨਗਰ ਦੇ ਵਸਨੀਕ ਗੁਰਿੰਦਰ ਸਿੰਘ ਤੇ ਚਾਰ ਸਾਥੀਆਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਮੁਖੀ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨੇ ਸਹੀ ਸਲਾਮਤ ਵਾਪਸ ਲਿਆਂਦਾ ਹੈ।
ਗੁਰਿੰਦਰ ਸਿੰਘ, ਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਟਰੈਵਲ ਏਜੰਟ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਨਾਮੀ ਕੰਪਨੀ ਵਿੱਚ ਵਧੀਆ ਤਨਖ਼ਾਹ ਦਿਵਾਉਣ ਦਾ ਝਾਂਸਾ ਦੇ ਕੇ ਸਾਊਦੀ ਅਰਬ ਲੈ ਗਿਆ ਸੀ ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਹਕੀਕਤ ਕੁਝ ਹੋਰ ਹੀ ਸੀ। ਬੇਗਾਨੇ ਮੁਲਕ ਵਿੱਚ ਉਨ੍ਹਾਂ ਨੂੰ ਮਜ਼ਦੂਰੀ ਦਾ ਕੰਮ ਕਰਨਾ ਪਿਆ ਅਤੇ ਕੰਪਨੀ ਵੱਲੋਂ ਖਾਣ-ਪੀਣ ਅਤੇ ਰਿਹਾਇਸ਼ ਦਾ ਕੋਈ ਪੱਕਾ ਪ੍ਰਬੰਧ ਨਹੀਂ ਸੀ। ਇਨ੍ਹਾਂ ਹਾਲਾਤਾਂ ਤੋਂ ਤੰਗ ਆ ਕੇ ਗੁਰਿੰਦਰ ਸਿੰਘ, ਰਮਨਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜਦੋਂ ਕੰਪਨੀ ਵਿੱਚ ਕੰਮ ਕਰਨਾ ਬੰਦ ਕਰਨ ਦੀ ਵਿਉਂਤ ਘੜੀ ਤਾਂ ਕੰਪਨੀ ਦੇ ਮਾਲਕ ਨੇ ਉਨ੍ਹਾਂ ਨੂੰ ਫਸਾਉਣ ਲਈ ਚੋਰੀ ਦਾ ਝੂਠਾ ਦੋਸ਼ ਲਗਾ ਦਿੱਤਾ। ਹੁਣ ਉਹ ਨਾ ਤਾਂ ਵਾਪਸ ਆ ਸਕਦੇ ਸੀ ਅਤੇ ਨਾ ਹੀ ਕੰਪਨੀ ਵਿੱਚ ਵਾਪਸ ਜਾ ਸਕਦੇ ਸਨ। ਉਨ੍ਹਾਂ ਹਾਲਾਤਾਂ ਬਾਰੇ ਸੂਚਨਾ ਮਿਲਣ ’ਤੇ ਪਰਿਵਾਰ ਵਾਲਿਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਇਸ ਮਗਰੋਂ ਗੁਰਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਰਮਨਦੀਪ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈੱਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨਾਲ ਤਾਲਮੇਲ ਕਰਕੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਗੁਹਾਰ ਲਗਾਈ ਗਈ। ਬੀਬੀ ਰਾਮੂਵਾਲੀਆ ਨੇ ਗੁਰਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਅੰਬੈਸੀ ਪਹੁੰਚਾਇਆ ਅਤੇ ਉੱਥੋਂ ਦੇ ਅਟੈਚੀ ਰਾਜ ਕੁਮਾਰ ਨਾਲ ਤਾਲਮੇਲ ਪੀੜਤ ਨੌਜਵਾਨਾਂ ਦੇ ਵਾਈਟ ਪਾਸਪੋਰਟ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਗੁਰਵਿੰਦਰ ਸਿੰਘ, ਰਮਨਦੀਪ ਸਿੰਘ ਤੇ ਉਨ੍ਹਾਂ ਦੇ ਸਾਥੀ ਸਹੀ ਸਲਾਮਤ ਵਾਪਸ ਵਤਨ ਪਰਤ ਸਕੇ। ਅੱਜ ਪੀੜਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਬੀਬੀ ਰਾਮੂਵਾਲੀਆ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ।
ਇਸ ਮੌਕੇ ਗੁਰਿੰਦਰ ਸਿੰਘ ਨੇ ਕਿਹਾ ਕਿ ਵਤਨ ਵਾਪਸ ਪਰਤ ਆਉਣਾ ਇਕ ਸੁਪਨਾ ਜਿਹਾ ਲੱਗ ਰਿਹਾ ਹੈ। ਗੁਰਮੀਤ ਕੌਰ ਤੇ ਨਿਰਮਲ ਸਿੰਘ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਭਰੇ ਮਨ ਨਾਲ ਬੀਬੀ ਰਾਮੂਵਾਲੀਆ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਆਗੂ ਅਰਵਿੰਦਰ ਭੁੱਲਰ, ਡਾ. ਹਮਜੋਲ ਚੱਕਲ, ਅਨਮੋਲ ਚੱਕਲ, ਅੰਮ੍ਰਿਤਪਾਲ ਸਿੰਘ ਤੇ ਟੀਮ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…