
ਧੋਖਾਧੜੀ: ਜਾਅਲੀ ਦਸਤਾਵੇਜ਼ਾਂ ’ਤੇ ਕੋਠੀ ਵੇਚਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, 1 ਫ਼ਰਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਸੋਹਾਣਾ ਪੁਲੀਸ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੋਠੀ ਵੇਚਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਅਰਵਿੰਦ ਸੂਰੀ ਤੇ ਯਾਦੂ ਨੰਦਨ ਸੂਰੀ (ਦੋਵੇਂ ਸਕੇ ਭਰਾ), ਉਨ੍ਹਾਂ ਦਾ ਜਾਅਲੀ ਪਿਤਾ ਇੰਦਰਜੀਤ ਸਿੰਘ ਵਾਸੀ ਦਿੱਲੀ, ਮਨੀਸ਼ ਕੁਮਾਰ ਵਾਸੀ ਓਮ ਵਿਹਾਰ (ਦਿੱਲੀ) ਅਤੇ ਰਾਜਨ ਲਾਲ ਵਾਸੀ ਢਕੌਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਕੋਠੀ ਦਾ ਜਾਅਲੀ ਮਾਲਕ ਅਤੇ ਉਸ ਦੇ ਜਾਅਲੀ ਅਧਾਰ ਕਾਰਡ, ਵੋਟਰ ਕਾਰਡ ਅਤੇ ਬੈਂਕ ਵਿੱਚ ਜਾਅਲੀ ਖਾਤਾ ਖੁਲ੍ਹਵਾ ਕੇ ਕੋਠੀ ਵੇਚਣ ਲਈ 10 ਲੱਖ ਰੁਪਏ ਦਾ ਬਿਆਨਾ ਕਰਨ ਦਾ ਦੋਸ਼ ਹੈ। ਇਨ੍ਹਾਂ ’ਚੋਂ ਯਾਦੂ ਨੰਦਨ ਸੂਰੀ ਫ਼ਰਾਰ ਹੈ ਜਦੋਂਕਿ ਬਾਕੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਗੁਰਸੇਵਕ ਸਿੰਘ ਵਾਸੀ ਪਿੰਡ ਨਗਾਰੀਂ ਨੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਕਿ ਉਸਦੇ ਸਾਥੀ ਦਵਿੰਦਰ ਸਿੰਘ ਵਾਸੀ ਪਿੰਡ ਉਰਨਾ (ਸਮਰਾਲਾ) ਨੇ ਟਰਾਈਸਿਟੀ ਵਿੱਚ ਪ੍ਰਾਪਰਟੀ ਖ਼ਰੀਦਣ ਬਾਰੇ ਸੋਚਿਆ ਸੀ ਅਤੇ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਅਰਵਿੰਦ ਸੂਰੀ ਅਤੇ ਯਾਦੂ ਨੰਦਨ ਸੂਰੀ ਨਾਲ ਮਿਲਵਾ ਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਯਸ਼ਪਾਲ ਸੂਰੀ ਦੇ ਨਾਂ ’ਤੇ ਸੈਕਟਰ-21 (ਪੰਚਕੂਲਾ) ਵਿੱਚ ਆਲੀਸ਼ਾਨ ਕੋਠੀ ਹੈ। ਇਨ੍ਹਾਂ ਦੋਵਾਂ ਨੂੰ ਪੈਸਿਆਂ ਦੀ ਸਖ਼ਤ ਲੋੜ ਹੋਣ ਕਾਰਨ ਕੋਠੀ ਸਸਤੇ ਭਾਅ ਵੇਚਣ ਲਈ ਤਿਆਰ ਹਨ।
ਅਰਵਿੰਦ ਸੂਰੀ ਅਤੇ ਯਾਦੂ ਨੰਦਨ ਸੂਰੀ ਆਪਣੇ ਪਿਤਾ ਦੇ ਕਹਿਣੇ ਤੋਂ ਬਾਹਰ ਸਨ ਅਤੇ ਆਪਣੇ ਪਿਤਾ ਦੀ ਥਾਂ ਕੋਈ ਜਾਅਲੀ ਬੰਦਾ ਖੜਾ ਕਰਕੇ ਕੋਠੀ ਵੇਚਣ ਦੇ ਨਾਂ ’ਤੇ ਲੱਖਾਂ ਦੀ ਧੋਖਾਧੜੀ ਕਰਨਾ ਚਾਹੁੰਦੇ ਸਨ। ਇਨ੍ਹਾਂ ਦੋਵਾਂ ਨੇ ਮਨੀਸ਼ ਕੁਮਾਰ ਵਾਸੀ ਓਮ ਵਿਹਾਰ (ਦਿੱਲੀ), ਇੰਦਰਜੀਤ ਸਿੰਘ ਵਾਸੀ ਦਿੱਲੀ ਅਤੇ ਰਾਜਨ ਲਾਲ ਵਾਸੀ ਢਕੌਲੀ ਨਾਲ ਮਿਲ ਕੇ ਆਪਣੇ ਪਿਤਾ ਦਾ ਜਾਅਲੀ ਅਧਾਰ ਕਾਰਡ ਤਿਆਰ ਕਰਕੇ ਯਸ਼ਪਾਲ ਸੂਰੀ ਦੇ ਨਾਂ ’ਤੇ ਮੁੱਲਾਂਪੁਰ ਗਰੀਬਦਾਸ ਵਿੱਚ ਆਈਸੀਆਈਸੀਆਈ ਬੈਂਕ ਵਿੱਚ ਜਾਅਲੀ ਬੈਂਕ ਖਾਤਾ ਖੁਲ੍ਹਵਾਇਆ। ਇਸ ਸਬੰਧੀ ਬੀਤੀ 15 ਮਈ ਨੂੰ ਬੈਦਵਾਨ ਪ੍ਰਾਪਰਟੀ, ਬਲਾਕ-ਸੀ ਐਰੋਸਿਟੀ ਮੁਹਾਲੀ ਵਿੱਚ ਉਕਤ ਕੋਠੀ ਵੇਚਣ ਦਾ ਸੌਦਾ (ਕੁੱਲ ਰਕਮ 3.35 ਕਰੋੜ ਰੁਪਏ ਵਿੱਚ) ਤੈਅ ਕੀਤਾ ਅਤੇ ਮੁਲਜ਼ਮਾਂ ਨੇ ਮੱੁਦਈ ਧਿਰ ਕੋਲੋਂ 10 ਲੱਖ ਰੁਪਏ ਬਿਆਨਾ ਹਾਸਲ ਕਰ ਲਿਆ। ਐਗਰੀਮੈਂਟ ’ਤੇ ਜਾਅਲੀ ਯਸ਼ਪਾਲ ਸੂਰੀ ਨੇ ਬਤੌਰ ਵੇਚਣ ਵਾਲਾ ਅਤੇ ਅਰਵਿੰਦ ਸੂਰੀ ਅਤੇ ਯਾਦੂ ਨੰਦਨ ਸੂਰੀ ਨੇ ਬਤੌਰ ਗਵਾਹ ਦਸਖ਼ਤ ਕੀਤੇ। ਬਾਅਦ ਵਿੱਚ ਜਦੋਂ ਪੀੜਤਾਂ ਨੇ ਕੋਠੀ ਮਾਲਕ ਨਾਲ ਮੁਲਾਕਾਤ ਕੀਤੀ ਤਾਂ ਪਤਾ ਲੱਗਾ ਕਿ ਅਸਲ ਯਸ਼ਪਾਲ ਸੂਰੀ ਨੂੰ ਇਸ ਸੌਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।