nabaz-e-punjab.com

ਇੰਮੀਗਰੇਸ਼ਨ ਕੰਪਨੀ ਵਿਨੈ ਹਰੀ ਐਜੂਕੇਸ਼ਨ ਕੰਸਲਟੈਂਟ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਇੰਮੀਗਰੇਸ਼ਨ ਕੰਪਨੀ ਵਿਨੈ ਹਰੀ ਐਜੂਕੇਸ਼ਨ ਕੰਸਲਟੈਂਟ ਦੇ ਪ੍ਰੰਬਧਕ ਅਤੇ ਇੱਕ ਮਹਿਲਾ ਕਰਮਚਾਰੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 468, 471 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪ੍ਰੰਤੂ ਪੁਲੀਸ ਦਾ ਦਾਅਵਾ ਹੈ ਕਿ ਇਸ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮਟੌਰ ਥਾਣਾ ਦੇ ਐਸਐਸਓ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਕੁਰਾਲੀ ਦੀ ਵਸਨੀਕ ਇੱਕ ਲੜਕੀ ਅਮਨਜੋਤ ਕੌਰ ਵੱਲੋਂ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਉਕਤ ਕੰਪਨੀ ਦੇ ਫੇਜ਼-3ਬੀ2 ਵਿਚਲੇ ਦਫ਼ਤਰ ਵਿੱਚ ਲੀਗਲ ਅਸਿਸਟੈਂਟ ਡਿਪਲੋਮਾ ਸਬੰਧੀ ਕੈਨੇਡਾ ਦਾ ਸਟੱਡੀ ਵੀਜਾ ਲਗਾਉਣ ਲਈ ਗਈ ਸੀ। ਇਸ ਦਫ਼ਤਰ ਵਿੱਚ ਉਸ ਨੂੰ ਮਿਸ ਅਲਕਾ ਨਾਂ ਦੀ ਲੜਕੀ ਮਿਲੀ। ਕੰਪਨੀ ਪ੍ਰਬੰਧਕਾਂ ਨੇ ਉਸ ਦਾ ਅਸਲ ਪਾਸਪੋਰਟ ਅਤੇ ਸਰਟੀਫਿਕੇਟ ਆਪਣੇ ਕੋਲ ਰੱਖ ਲਏ ਅਤੇ ਉਸ ਨੂੰ ਵੀਜਾ ਲਗਾਉਣ ਦਾ ਪੂਰਾ ਭਰੋਸਾ ਦਿੱਤਾ ਗਿਆ ਅਤੇ ਟਿਊਸ਼ਨ ਫੀਸ ਸਮੇਤ 15 ਲੱਖ ਰੁਪਏ ਦਾ ਖਰਚਾ ਦੱਸਿਆ ਜੋ ਕਿ ਕੈਨੇਡਾ ਦਾ ਸਟੱਡੀ ਵੀਜਾ ਮਿਲਣ ਸਮੇਂ ਦੇਣੇ ਸਨ। ਕੰਪਨੀ ਪ੍ਰਬੰਧਕਾਂ ਵੱਲੋਂ ਉਸ ਦੀ ਇੱਕ ਵੀਡੀਓ ਬਣਾਈ ਗਈ ਕਿ ਜੇਕਰ ਉਹ ਆਫ਼ਰ ਲੈਟਰ ਆਉਣ ਤੋਂ ਬਾਅਦ ਆਪਣੀ ਫਾਈਲ ਰਿਜੈਕਟ ਕਰਦੀ ਹੈ ਤਾਂ ਉਹ 50 ਹਜਾਰ ਰੁਪਏ ਦੇਣ ਦੀ ਪਾਬੰਦ ਹੋਵੇਗੀ।
ਸ਼ਿਕਾਇਤਕਰਤਾ ਮੁਤਾਬਕ ਕੰਪਨੀ ਪ੍ਰਬੰਧਕਾਂ ਵੱਲੋਂ ਉਸ ਨੂੰ ਆਫਰ ਲੈਟਰ ਦੇ ਦਿੱਤਾ ਅਤੇ ਕੁਝ ਸਮੇਂ ਬਾਅਦ ਉਸ ਨੂੰ ਹਾਈ ਕਮਿਸ਼ਨ ਆਫ਼ ਕੈਨੇਡਾ ਤੋਂ ਈ-ਮੇਲ ਮਿਲੀ ਕਿ ਉਸ ਦੇ ਸਟੱਡੀ ਵੀਜੇ ਦੀ ਅਰਜ਼ੀ ਰਿਜੈਕਟ ਕਰ ਦਿੱਤੀ ਗਈ ਹੈ। ਉਨ੍ਹਾਂ ਕੈਨੇਡਾ ਦੀ ਹਾਈ ਕਮਿਸ਼ਨ ਤੋਂ ਪਤਾ ਕੀਤਾ ਤਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਕੰਪਨੀ ਪ੍ਰਬੰਧਕਾਂ ਨੇ ਉਸ ਦੇ ਜਾਅਲੀ ਦਸਤਖਤ ਕਰਕੇ ਗਲਤ ਜਾਣਕਾਰੀ ਭੇਜ ਦਿੱਤੀ ਸੀ। ਜਿਸ ਕਾਰਨ ਉਸ ਦਾ ਸਟੱਡੀ ਵੀਜਾ ਰਿਜੈਕਟ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਮਟੌਰ ਪੁਲੀਸ ਵੱਲੋਂ ਉਕਤ ਲੜਕੀ ਦੀ ਸ਼ਿਕਾਇਤ ਮਿਲਣ ’ਤੇ ਮੁੱਢਲੀ ਜਾਂਚ ਮਗਰੋਂ ਕੰਪਨੀ ਦੇ ਪ੍ਰਬੰਧਕ ਵਿਨੈ ਹਰੀ ਅਤੇ ਮਿਸ ਅਲਕਾ ਦੇ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂਅ ’ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਸਬੰਧੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਫੇਜ਼ 3ਬੀ2 ਵਿਚਲੇ ਕੰਪਨੀ ਦੇ ਦਫ਼ਤਰ ਵਿੱਚ ਕੰਪਨੀ ਦਾ ਕੰਮ ਆਮ ਵਾਂਗ ਚਲ ਰਿਹਾ ਸੀ। ਉੱਥੇ ਮੌਜੂਦ ਸੰਜੀਵ ਨਾਂਟ ਦੇ ਇੱਕ ਵਿਅਕਤੀ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਆਮ ਵਾਂਗ ਆਪਣਾ ਕੰਮ ਕਰ ਰਹੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …