Nabaz-e-punjab.com

ਧੋਖਾਧੜੀ ਦਾ ਮਾਮਲਾ: ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੁਲੀਸ ਦੀ ਜਾਂਚ ਕਿਸੇ ਕੰਢੇ ਨਹੀਂ ਲੱਗੀ

ਪੁਲੀਸ ਮੁਲਾਜ਼ਮ ਪਤੀ-ਪਤਨੀ ਨੇ ਡੀਲਰਾਂ ਨਾਲ ਮਿਲ ਕੇ ਬਜ਼ੁਰਗ ਅਧਿਆਪਕ ਜੋੜੇ ਨਾਲ ਲੱਖਾਂ ਦੀ ਠੱਗੀ ਮਾਰੀ

ਪੀੜਤ ਬਜ਼ੁਰਗਾਂ ਨੇ ਹਾਈ ਕੋਰਟ ਦੇ ਚੀਫ਼ ਜਸਟਿਸ, ਮੁੱਖ ਮੰਤਰੀ, ਰਾਜਪਾਲ, ਡੀਜੀਪੀ ਨੂੰ ਮੁੜ ਭੇਜੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਪੰਜਾਬ ਪੁਲੀਸ ਦੇ ਮੁਲਾਜ਼ਮ ਪਤੀ-ਪਤਨੀ ਦੀ ਧੋਖਾਧੜੀ ਦਾ ਸ਼ਿਕਾਰ ਬਜ਼ੁਰਗ ਅਧਿਆਪਕ ਜੋੜਾ ਇਨਸਾਫ਼ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਪੁਲੀਸ ਮੁਲਜ਼ਮ ਪਤੀ-ਪਤਨੀ ਨੇ ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਬਜ਼ੁਰਗ ਜੋੜੇ ਤੋਂ ਲੱਖਾਂ ਰੁਪਏ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਵੇਚੇ ਫਲੈਟ ਦੀ ਰਜਿਸਟਰੀ ਨਹੀਂ ਕਰਵਾਈ ਗਈ। ਐਕਮੇ ਆਈਟਸ ਛੱਜੂਮਾਜਰਾ ਵਿੱਚ ਰਹਿੰਦੇ ਅਸ਼ੋਕ ਕੁਮਾਰ ਸ਼ਰਮਾ ਅਤੇ ਉਸ ਦੀ ਪਤਨੀ ਸ੍ਰੀਮਤੀ ਸ਼ਸ਼ੀ ਪ੍ਰਭਾ ਨੇ ਹੁਣ ਤੱਕ ਥੱਕ ਕੇ ਫਿਰ ਤੋਂ ਹਾਈ ਕੋਰਟ ਦੇ ਚੀਫ਼ ਜਸਟਿਸ, ਮੁੱਖ ਮੰਤਰੀ, ਪੰਜਾਬ ਦੇ ਰਾਜਪਾਲ ਅਤੇ ਡੀਜੀਪੀ ਨੂੰ ਨਵੇਂ ਸਿਰਿਓਂ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮ ਪਤੀ ਪਤਨੀ ਨੇ ਉਨ੍ਹਾਂ ਨੂੰ ਐਕਮੇ ਆਈਟਸ ਵਿੱਚ ਫਲੈਟ ਵੇਚਣ ਲਈ 33 ਲੱਖ ਵਿੱਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਤੋਂ 31 ਲੱਖ ਰੁਪਏ ਵੀ ਹੜੱਪ ਲਏ ਪ੍ਰੰਤੂ ਰਜਿਸਟਰੀ ਨਹੀਂ ਕਰਵਾਈ। ਕਿਉਂਕਿ ਸਬੰਧਤ ਫਲੈਟ ਪਹਿਲਾਂ ਹੀ ਬੈਂਕ ਕੋਲ ਗਿਰਵੀ ਪਿਆ ਸੀ। ਹਾਲਾਂਕਿ ਪੁਲੀਸ ਕਰਮਚਾਰੀਆਂ ਨੇ ਫਲੈਟ ਵਿਚਲਾ ਸਮਾਨ ਵੀ ਵਿੱਚ ਦੇਣ ਦੀ ਗੱਲ ਆਖੀ ਸੀ ਲੇਕਿਨ ਜਦੋਂ ਉਨ੍ਹਾਂ ਨੂੰ ਫਲੈਟ ਦਾ ਕਬਜ਼ਾ ਦਿੱਤਾ ਗਿਆ। ਉਦੋਂ ਏਸੀ ਸਮੇਤ ਹੋਰ ਕਾਫ਼ੀ ਕੀਮਤੀ ਸਮਾਨ ਗਾਇਬ ਸੀ। ਉਨ੍ਹਾਂ ਦੀ ਸ਼ਿਕਾਇਤ ’ਤੇ ਆਈਪੀਐਸ ਅਧਿਕਾਰੀ ਅਖਿਲ ਚੌਧਰੀ ਨੇ ਜਾਂਚ ਕੀਤੀ ਅਤੇ ਮੁੱਢਲੀ ਜਾਂਚ ਵਿੱਚ ਪੁਲੀਸ ਮੁਲਾਜ਼ਮ ਪਤੀ-ਪਤਨੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਡੀਜੀਪੀ ਵੱਲੋਂ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ। ਪ੍ਰੰਤੂ ਉਨ੍ਹਾਂ ਨੇ ਸਥਾਨਕ ਪੁਲੀਸ ਨਾਲ ਮਿਲ ਕੇ ਹਾਈ ਕੋਰਟ ’ਚੋਂ ਸਟੇਅ ਲੈ ਲਈ ਅਤੇ ਬਹਾਲ ਹੋ ਗਏ। ਹਾਲਾਂਕਿ ਪੀੜਤਾਂ ਦੀ ਫਰਿਆਦ ਸੁਣ ਕੇ ਹਾਈ ਕੋਰਟ ਨੇ ਮਈ 2018 ਵਿੱਚ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਸੀ ਲੇਕਿਨ ਹੁਣ ਤੱਕ ਪੁਲੀਸ ਦੀ ਵਿਭਾਗੀ ਜਾਂਚ ਕਿਸੇ ਕੰਢੇ ਨਹੀਂ ਲੱਗੀ ਹੈ। ਜਿਸ ਕਾਰਨ ਉਹ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨੀ ਝੱਲ ਰਹੇ ਹਨ। ਜਿਸ ਕਾਰਨ ਹੁਣ ਉਹ ਥੱਕ ਹਾਰ ਕੇ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹਨ।
(ਬਾਕਸ ਆਈਟਮ)
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬਜ਼ੁਰਗ ਅਧਿਆਪਕਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਦਰਜ ਕੀਤਾ ਗਿਆ ਸੀ ਅਤੇ ਡੀਜੀਪੀ ਵੱਲੋਂ ਪਤੀ-ਪਤਨੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕਰ ਦਿੱਤਾ ਗਿਆ ਸੀ ਲੇਕਿਨ ਬਾਅਦ ਵਿੱਚ ਉਹ ਉੱਚ ਅਦਾਲਤ ਦੇ ਹੁਕਮਾਂ ’ਤੇ ਬਹਾਲ ਹੋ ਗਏ ਸੀ। ਜਦੋਂ ਪੁਲੀਸ ਮੁਖੀ ਨੂੰ ਹਾਈ ਕੋਰਟ ਦੇ ਹੁਕਮਾਂ ’ਤੇ ਵਿਭਾਗੀ ਜਾਂਚ ਹੁਣ ਤੱਕ ਕਿਸੇ ਕੰਢੇ ਨਾ ਲੱਗਣ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਪਤਾ ਕਰਵਾਉਣਗੇ ਕਿ ਜਾਂਚ ਕਿੱਥੇ ਪਹੁੰਚੀ ਹੈ ਅਤੇ ਹਾਈ ਕੋਰਟ ਦੇ ਕੀ ਆਦੇਸ਼ ਸਨ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੈ ਅਤੇ ਉਨ੍ਹਾਂ ਪੀੜਤ ਅਧਿਆਪਕ ਜੋੜੇ ਨੂੰ ਭਰੋਸਾ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…