ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਸਬਸਿਡੀ ਲੋਨ ਦੇ ਨਾਂ ’ਤੇ ਲੱਖਾਂ ਰੁਪਏ ਦਾ ਚੂਨਾ
ਮੁਹਾਲੀ ਪੁਲੀਸ ਵੱਲੋਂ ਤਿੰਨ ਐਨਜੀਓਜ਼ ਤੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕੇਸ ਦਰਜ
ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਦਫ਼ਤਰ ਪ੍ਰਧਾਨ ਮੁੱਖ ਵਣਪਾਲ ਪੰਜਾਬ ਸੈਕਟਰ-68 ਮੁਹਾਲੀ ਦੇ ਅਧਿਕਾਰੀਆਂ ਮਿਲੀਭੁਗਤ ਨਾਲ ਵਿਭਾਗ ਤੋਂ ਤਿੰਨ ਜਾਅਲੀ ਐਨ.ਜੀ.ਓਜ਼ ਵੱਲੋਂ ਸਾਲ 2005-06 ਅਤੇ 2006-08 ਵਿੱਚ ਜਾਅਲੀ ਐਡਰੈੱਸ ਦਰਸਾ ਕੇ ਅਤੇ ਬੈਂਕਾਂ ਵਿੱਚ ਜਾਅਲੀ ਕਾਗਜ਼ਾਂ ਦੇ ਅਧਾਰ ਉਤੇ ਖਾਤੇ ਖੁਲ੍ਹਵਾ ਕੇ ਲੱਖਾਂ ਰੁਪਇਆਂ ਦੀ ਸਬਸਿਡੀ ਲੋਨ ਡਕਾਰ ਕੇ ਵਿਭਾਗ ਨੂੰ ਲੱਖਾਂ ਰੁਪਇਆਂ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਧੀਕ ਪ੍ਰਧਾਨ ਮੁੱਖ ਵਣਪਾਲ ਅਤੇ ਪ੍ਰੋਜੈਕਟ ਇੰਚਾਰਜ ਵਾਟਰਗੋਲਡ ਏਰੀਆਜ ਰੀਕਲੇਮੇਸ਼ਨ ਅਤੇ ਡਿਵੈਲਪਮੈਂਟ ਪ੍ਰੋਜੈਕਟ ਪੰਜਾਬ ਵੱਲੋਂ ਪੁਲੀਸ ਨੂੰ ਨਵੰਬਰ-2015 ਵਿੱਚ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਮਟੌਰ ਥਾਣੇ ਵਿੱਚ ਮੈਸ: ਸ੍ਰੀ ਆਸਥਾ ਸੰਸਥਾਨ, ਪਟਿਆਲਾ; ਮੈਸ: ਸ਼ਿਆਮ ਨਿਕੁੰਜ ਐਜੂਕੇਸ਼ਨਲ ਐਂਡ ਸ਼ੋਸਲ ਵੈ੍ਹਲਫ਼ੇਅਰ ਸੋਸਾਇਟੀ, ਪਟਿਆਲਾ; ਮੈਸ: ਗੌਰਵ ਭਾਰਤੀ ਸੋਸਾਇਟੀ ਫ਼ਾੱਰ ਐਜੂਕੇਸ਼ਨ ਐਂਡ ਇੰਪਾਵਰਮੈਂਟ ਆੱਫ਼ ਮੈਸਿਜ਼, ਪਟਿਆਲਾ ਸਮੇਤ ਕੁਝ ਅਣਪਛਾਤੇ ਕਰਮਚਾਰੀ/ਅਧਿਕਾਰੀ ਜਿਨ੍ਹਾਂ ਵੱਲੋਂ ਉਕਤ ਸੋਸਾਇਟੀ/ਫਰਮ/ ਵਿਅਕਤੀਆਂ ਦੇ ਹੱਕ ਵਿੱਚ ਸਬਸਿਡੀ ਰਿਲੀਜ਼ ਕੀਤੀ ਗਈ, ਖਿਲਾਫ਼ ਆਈ.ਪੀ.ਸੀ. ਦੀ ਧਾਰਾ 420, 465, 466, 467, 468, 471, 409, 120ਬੀ ਅਤੇ ਪ੍ਰੀਵੈਨਸ਼ਨ ਆਫ਼ ਕਰੱਪਸ਼ਨ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵਧੀਕ ਪ੍ਰਧਾਨ ਮੁੱਖ ਵਣਪਾਲ ਅਤੇ ਪ੍ਰੋਜੈਕਟ ਇੰਚਾਰਜ ਵਾਟਰਗੋਲਡ ਏਰੀਆਜ ਰੀਕਲੇਮੇਸ਼ਨ ਅਤੇ ਡਿਵੈਲਪਮੈਂਟ ਪ੍ਰਾਜੈਕਟ ਪੰਜਾਬ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸ੍ਰੀ ਆਸਥਾ ਸੰਸਥਾਨ, ਪਟਿਆਲਾ; ਸ਼ਿਆਮ ਨਿਕੁੰਜ ਐਜੂਕੇਸ਼ਨਲ ਐਂਡ ਸ਼ੋਸਲ ਵੈ੍ਹਲਫ਼ੇਅਰ ਸੋਸਾਇਟੀ, ਪਟਿਆਲਾ; ਗੌਰਵ ਭਾਰਤੀ ਸੋਸਾਇਟੀ ਫ਼ਾੱਰ ਐਜੂਕੇਸ਼ਨ ਐਂਡ ਇੰਪਾਵਰਮੈਂਟ ਆੱਫ਼ ਮੈਸਿਜ਼, ਪਟਿਆਲਾ ਵੱਲੋਂ ਮੈਡੀਸਿਨਲ ਪਲਾਂਟ ਸਬੰਧੀ ਜਾਅਲੀ ਬੈਂਕ ਖਾਤੇ ਦੇ ਅਧਾਰ ਉਤੇ ਸਬਸਿਡੀ ਹਾਸਿਲ ਕੀਤੀ ਗਈ। ਇਸ ਸਬੰਧ ਵਿੱਚ ਉਕਤ ਸੰਸਥਾਵਾਂ ਅਤੇ ਸਾਬਕਾ ਮੈਂਬਰ ਸੈਕਟਰੀ ਅਤੇ ਸਾਬਕਾ ਨੋਡਲ ਅਫ਼ਸਰ ਐਸ.ਐਮ.ਪੀ.ਬੀ. ਪੰਜਾਬ ਦੇ ਖਿਲਾਫ਼ ਕਾਰਵਾਈ ਕਰਨ ਸਬੰਧੀ ਦਰਖਾਸਤ ਦਿੱਤੀ ਗਈ। ਪੁਲੀਸ ਵੱਲੋਂ ਕੀਤੀ ਗਈ ਜਾਂਚ ਵਿੱਚ ਆਯੁਰਵੈਦਿਕ ਮੈਡੀਕਲ ਅਫ਼ਸਰ ਜੀ.ਏ.ਡੀ. ਤੇਪਲਾ, ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਜੁਲਾਈ 2006 ਤੋਂ ਨਵੰਬਰ 2007 ਤੱਕ ਸਟੇਟ ਮੈਡੀਸਿਨਲ ਪਲਾਂਟ ਬੋਰਡ ਪੰਜਾਬ ਵਿੱਚ ਉਸ ਕੋਲ ਨੋਡਲ ਅਫ਼ਸਰ ਦਾ ਵਾਧੂ ਚਾਰਜ ਰਿਹਾ ਜੋ ਕਿ ਨੈਸ਼ਨਲ ਮੈਡੀਸਿਨਲ ਬੋਰਡ ਤੋਂ ਕਿਸਾਨਾਂ ਨੂੰ ਸਬਸਿਡੀਆਂ ਦੇਣ ਦੀ ਸਕੀਮ ਸੀ। ਕਿਸਾਨ ਆਪਣੀ ਪ੍ਰੋਜੈਕਟ ਰਿਪੋਰਟਾਂ ਸਿੱਧੇਤੌਰ ਉਤੇ ਜਮ੍ਹਾਂ ਕਰਵਾਉਂਦੇ ਸਨ। ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਉਤੇ ਅਧਾਰਿਤ ਸਕਰੀਨਿੰਗ ਕਮੇਟੀ ਵੱਲੋਂ ਮੰਨਜ਼ੂਰ ਕੀਤੇ ਕੇਸ ਨੈਸ਼ਨਲ ਮੈਡੀਸਿਨਲ ਪਲਾਂਟ ਬੋਰਡ ਨੂੰ ਭੇਜ ਦਿੱਤੇ ਜਾਂਦੇ ਸਨ। ਇਸ ਸਬਸਿਡੀ ਡੀਡੀਓ ਮੈਂਬਰ ਸਕੱਤਰ, ਕੈਸ਼ੀਅਰ, ਸ਼ੈਕਸ਼ਨ ਅਫ਼ਸਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਲੋਨ ਚੈੱਕ/ਡਰਾਫ਼ਟ ਰਾਹੀਂ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ। ਮੈਸ. ਗੌਰਵ ਭਾਰਤੀ ਸੋਸਾਇਟੀ ਐਜੂਕੇਸ਼ਨ ਐਂਡ ਇੰਪਾਵਰਮੈਂਟ ਆਫ਼ ਮਾਸਿਜ਼ ਪਟਿਆਲਾ ਦੇ ਨਾਂ ਜਾਅਲੀ ਐਡਰੈੱਸ ਲਿਖਵਾ ਕੇ ਅਤੇ ਜਾਅਲੀ ਕਾਗਜ਼ਾਂ ਦੇ ਅਧਾਰ ਉਤੇ ਸਬਸਿਡੀ ਲੋਨ 7 ਲੱਖ ਰੁਪਏ, ਮੈਸ. ਸ਼ਿਆਮ ਨਿਕੁੰਜ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਪਟਿਆਲਾ ਦੇ ਨਾਂ ਉਤੇ ਸਬਸਿਡੀ ਲੋਨ 9 ਲੱਖ ਰੁਪਏ, ਮੈਸ. ਸ੍ਰੀ ਆਸਥਾ ਸੰਸਥਾ ਪਟਿਆਲਾ ਦੇ ਨਾਂ ਉਤੇ ਸਬਸਿਡੀ ਲੋਨ 10 ਲੱਖ ਰੁਪਏ ਹਾਸਿਲ ਕਰ ਲਏ ਗਏ। ਇਸ ਪ੍ਰਕਾਰ ਉਕਤ ਐਨ.ਜੀ.ਓਜ਼ ਵੱਲੋਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵਿਭਾਗ ਨੂੰ ਕੁੱਲ 25 ਲੱਖ ਦਾ ਚੂਨਾ ਲਗਾ ਦਿੱਤਾ ਗਿਆ। ਪੁਲੀਸ ਨੇ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।