nabaz-e-punjab.com

ਧੋਖਾਧੜੀ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਭਗੌੜਾ ਮੁਲਜ਼ਮ ਕਰਨਵੀਰ ਸਿੰਘ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਮੁਹਾਲੀ ਪੁਲੀਸ ਨੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਮੁਲਜ਼ਮ ਕਰਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਨੂੰ ਯੂਕੋ ਬੈਂਕ ਖਰੜ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਅਦਾਲਤ ਵੱਲੋਂ ਪਹਿਲਾਂ ਭਗੌੜਾ ਐਲਾਨਿਆ ਗਿਆ ਸੀ। ਅੱਜ ਇੱਥੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਹੈ ਕਿ ਐਸਪੀ (ਡੀ) ਵਰੁਣ ਸ਼ਰਮਾ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਦੇ ਆਰਥਿਕ ਅਪਰਾਧ ਸ਼ਾਖਾ (ਤਫ਼ਤੀਸੀ) ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਅਵਤਾਰ ਸਿੰਘ ਨਾਲ ਪਿਛਲੇ ਸਾਲ 16 ਅਗਸਤ ਨੂੰ ਨਵਾਂ ਗਰਾਓਂ ਥਾਣੇ ਵਿੱਚ ਧਾਰਾ 406,420,465,467,468, 471,120ਬੀ ਤਹਿਤ ਦਰਜ ਕੀਤੇ ਮਾਮਲੇ ਵਿੱਚ ਨਾਮਜ਼ਦ ਕਰਨਵੀਰ ਸਿੰਘ ਵਾਸੀ ਯਮਨਾ ਅਪਾਰਟਮੈਂਟ ਕੁਰਾਲੀ ਰੋਡ ਖਰੜ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕਾਫੀ ਸਮੇਂ ਤੋਂ ਲੁਧਿਆਣਾ ਵਿੱਚ ਲੁਕ-ਛਿੱਪ ਕੇ ਰਹਿ ਰਿਹਾ ਸੀ।
ਐਸਐਸਪੀ ਨੇ ਦੱਸਿਆ ਕਿ ਕਰਨਵੀਰ ਸਿੰਘ ਦੇ ਖ਼ਿਲਾਫ਼ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਕਈ ਥਾਣਿਆ ਵੀ ਧੋਖਾਧੜੀ ਅਤੇ ਹੋਰ ਵੱਖ-ਵੱਖ ਜੁਰਮਾਂ ਤਹਿਤ ਕਈ ਫੌਜਦਾਰੀ ਮੁਕੱਦਮੇ ਦਰਜ ਹਨ। ਕਰਨਵੀਰ ਸਿੰਘ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸ਼ਿਕਾਇਤ ਕਰਤਾ ਸਤਪਾਲ ਸਿੰਘ ਵਾਸੀ ਪੇਹਵਾ (ਹਰਿਆਣਾ) ਨਾਲ 1 ਕਰੋੜ 35 ਲੱਖ ਰੁਪਏ ਦੇ 15 ਡਰਾਫ਼ਟ 9-9 ਲੱਖ ਰੁਪਏ ਪ੍ਰਤੀ ਵਿਅਕਤੀ ਹਾਸਲ ਕੀਤੇ ਸਨ ਅਤੇ ਯੂਕੋ ਬੈਂਕ ਖਰੜ ਅਤੇ ਯੂਕੋ ਬੈਂਕ ਨਵਾਂ ਗਰਾਓਂ ਦੇ ਜਾਅਲੀ ਖਾਤੇ ਵਿੱਚ ਜਮ੍ਹਾ ਕਰਵਾਏ ਗਏ। ਪੁਲੀਸ ਅਨੁਸਾਰ ਕਰਨਵੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲੀ-ਭੁਗਤ ਕਰਕੇ ਉਕਤ ਬੈਂਕਾਂ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ‘ਰਸੀਵਰ ਜਰਨਲ ਫਾਰ ਕੈਨੇਡਾ’ ਨਾਮ ਦੀ ਜਾਅਲੀ ਕੰਪਨੀ ਦਾ ਜਾਅਲੀ ਨਾਮ ਹਰਵਿੰਦਰ ਸਿੰਘ ਦੇ ਨਾਂ ’ਤੇ ਯੂਕੋ ਬੈਂਕ ਨਵਾਂ ਗਰਾਓਂ ਅਤੇ ਯੂਕੋ ਬੈਂਕ ਖਰੜ ਵਿੱਚ ਖਾਤੇ ਖੁੱਲ੍ਹਵਾ ਕੇ ਇਨ੍ਹਾਂ ਖਾਤਿਆਂ ਵਿੱਚ ਉਕਤ ਰਾਸ਼ੀ ਦੇ ਡਰਾਫ਼ਟ ਜਮ੍ਹਾ ਕਰਵਾ ਕੇ ਗਲਤ ਤਰੀਕੇ ਨਾਲ ਪੈਸੇ ਕਢਵਾਏ ਗਏ ਹਨ।
ਇਸ ਤੋਂ ਇਲਾਵਾ ਮੁਲਜ਼ਮ ਕਰਨਵੀਰ ਸਿੰਘ ਦੇ ਖ਼ਿਲਾਫ਼ ਬੈਂਕਾਂ ਪਾਸੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਯੂਕੋ ਬੈਂਕ ਖਰੜ ਦੇ ਮੈਨੇਜਰ ਰਾਜੇਸ਼ ਖੰਨਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ 5 ਸਾਲ ਪਹਿਲਾਂ 2013 ਵਿੱਚ ਵੱਖ-ਵੱਖ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਜਾਅਲੀ ਫਰਮਾ ਬਣਾ ਕੇ ਵੱਖ-ਵੱਖ ਲੋਕਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਅਤੇ ਕਾਰਾਂ ਦੇ ਲੋਨ ਪਾਸ ਕਰਵਾ ਕੇ ਯੂਕੋ ਬੈਂਕ ਖਰੜ ਨਾਲ 3 ਕਰੋੜ 65 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਮਾਮਲੇ ਵਿੱਚ ਮੁਲਜ਼ਮ ਕਰਨਵੀਰ ਸਿੰਘ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਠੱਗੀ ਮਾਰਨ ਦੇ ਮਾਮਲਿਆਂ ਵਿੱਚ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …