nabaz-e-punjab.com

ਭਰਾ ਦੇ ਜਵਾਈ ਨੇ ਜਾਅਲੀ ਖਾਤਾ ਖੁੱਲ੍ਹਵਾ ਕੇ ਹੜੱਪੇ ਗਮਾਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਦੇ ਲੱਖਾਂ ਰੁਪਏ

ਸੋਹਾਣਾ ਪੁਲੀਸ ਵੱਲੋਂ ਪਟਿਆਲਾ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਮੁਲਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਕਵਾਇਰ ਜ਼ਮੀਨ ਦੇ ਪੈਸੇ ਪੀੜਤ ਦੇ ਖਾਤੇ ਵਿੱਚ ਜਮ੍ਹਾ ਕਰਵਾਉਣ ਦੀ ਬਜਾਏ ਜਾਅਲੀ ਖਾਤਾ ਖੁੱਲਵਾ ਕੇ ਲੱਖਾਂ ਰੁਪਏ ਹੜੱਪਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਮੁਲਜ਼ਮ ਕਰਨੈਲ ਸਿੰਘ ਵਾਸੀ ਖੰਨਾ ਨੂੰ ਪਟਿਆਲਾ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਦਸੰਬਰ 2014 ਵਿੱਚ ਗਮਾਡਾ ਦੇ ਅਧਿਕਾਰੀ ਵੱਲੋਂ ਐਕਵਾਇਰ ਕੀਤੀ ਜ਼ਮੀਨ ਦੇ ਪੈਸੇ ਅਸਲ ਮਾਲਕ ਨੂੰ ਨਾ ਮਿਲਣ ਅਤੇ ਕਿਸੇ ਹੋਰ ਵਿਅਕਤੀ ਵੱਲੋਂ ਜਾਅਲੀ ਖਾਤਾ ਖੁੱਲ੍ਹਵਾ ਕੇ ਕਢਵਾਉਣ ਸਬੰਧੀ ਪੁਲੀਸ ਕੇਸ ਦਰਜ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਜ਼ਦੀਕੀ ਪਿੰਡ ਲਖਨੌਰ ਦੇ ਵਸਨੀਕ ਭਾਗ ਸਿੰਘ ਨੇ ਅਦਾਲਤ ਵਿੱਚ ਗਮਾਡਾ ਵਿਰੁੱਧ ਦੀਵਾਨੀ ਕੇਸ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਗਮਾਡਾ ਨੇ ਉਸ ਦੀ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਮੁਆਵਜ਼ੇ ਦੀ ਰਾਸ਼ੀ ਉਸ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਗਮਾਡਾ ਵੱਲੋਂ ਜਿਸ ਖਾਤੇ ਵਿੱਚ 13 ਲੱਖ 19 ਹਜ਼ਾਰ 877 ਰੁਪਏ ਜਮ੍ਹਾਂ ਕਰਵਾਏ ਗਏ ਸਨ। ਉਹ ਖਾਤਾ ਭਾਗ ਸਿੰਘ ਦੇ ਨਾਂ ’ਤੇ ਜ਼ਰੂਰ ਸੀ ਪਰ ਖਾਤੇ ਖੁੱਲਵਾਉਣ ਵਾਲੇ ਫਾਰਮ ’ਤੇ ਫੋਟੋ ਕਿਸੇ ਹੋਰ ਵਿਅਕਤੀ ਦੀ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਰਮੁੱਖ ਸਿੰਘ ਨਾਂ ਦੇ ਵਿਅਕਤੀ ਵੱਲੋਂ ਜਾਅਲੀ ਖ਼ਾਤੇ ’ਚੋਂ ਪੈਸੇ ਕਢਵਾਏ ਗਏ ਸਨ। ਪੁਲੀਸ ਨੇ ਸੁਰਮੁੱਖ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਲੇਕਿਨ ਬੈਂਕ ਖਾਤੇ ਵਾਲੇ ਫਾਰਮ ’ਤੇ ਲੱਗੀ ਫੋਟੋ ਵਾਲੇ ਵਿਅਕਤੀ ਦੀ ਸ਼ਨਾਖ਼ਤ ਨਾ ਹੋ ਸਕੀ। ਇਸ ਦੌਰਾਨ ਪੁਲੀਸ ਦੇ ਹੱਥ ਇੱਕ ਸਬੂਤ ਲੱਗਿਆ ਕਿ ਜਿਸ ਤੋਂ ਇਹ ਪਤਾ ਲੱਗਿਆ ਕਿ ਖਾਤਾ ਧਾਰਕ ਵਾਲੀ ਫੋਟੋ ਭਾਗ ਸਿੰਘ ਦੇ ਭਰਾ ਦੇ ਜਵਾਈ ਕਰਨੈਲ ਸਿੰਘ ਦੀ ਹੈ। ਇਸ ਤਰ੍ਹਾਂ ਪੁਲੀਸ ਮੁਲਜ਼ਮ ਦੀ ਪੈੜ ਨੱਪਦਿਆਂ ਕਰਨੈਲ ਸਿੰਘ ਤੱਕ ਪਹੁੰਚੀ।
ਪੁਲੀਸ ਅਨੁਸਾਰ ਪੀੜਤ ਵਿਅਕਤੀ ਦੇ ਭਰਾ ਦੇ ਜਵਾਈ ਵੱਲੋਂ ਪਹਿਲਾਂ ਹੀ ਭਾਗ ਸਿੰਘ ਦੇ ਨਾਂ ਦਾ ਜਾਅਲੀ ਵੋਟਰ ਕਾਰਡ ਬਣਾਇਆ ਹੋਇਆ ਸੀ। ਜਿਸ ਵਿੱਚ ਨਾਮ ਭਾਗ ਸਿੰਘ ਦਾ ਸੀ ਪ੍ਰੰਤੂ ਫੋਟੋ ਕਰਨੈਲ ਸਿੰਘ ਦੀ ਸੀ। ਕਰਨੈਲ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਠੱਗੀ ਦਾ ਕੇਸ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…