Share on Facebook Share on Twitter Share on Google+ Share on Pinterest Share on Linkedin ਧੋਖਾਧੜੀ ਦਾ ਮਾਮਲਾ: ਸਾਹਿਬਜ਼ਾਦਾ ਸਹਿਕਾਰੀ ਮਕਾਨ ਉਸਾਰੀ ਸਭਾ ਦਾ ਪ੍ਰਧਾਨ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ: ਮੁਹਾਲੀ ਪੁਲੀਸ ਨੇ ਆਪਣੀ ਚੁੱਪੀ ਤੋੜਦਿਆਂ ਧੋਖਾਧੜੀ ਦੇ ਮਾਮਲੇ ਵਿੱਚ ਸਾਹਿਬਜ਼ਾਦਾ ਸਹਿਕਾਰੀ ਮਕਾਨ ਉਸਾਰੀ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਵਾਲੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਸਭਾ ਦੀ ਟੈਂਡਰ ਸਬ ਕਮੇਟੀ ਦੇ ਦੋ ਮੈਂਬਰਾਂ ਜਗਜੋਤ ਸਿੰਘ ਚਹਿਲ ਅਤੇ ਮਨਜੀਤ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਮੁਲਜ਼ਮ ਵਾਲੀਆਂ ਅਤੇ ਠੇਕੇਦਾਰ ਇੰਦਰਜੀਤ ਸਿੰਘ ਵਾਲੀਆ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਅਤੇ 120ਬੀ ਦੇ ਤਹਿਤ ਫੇਜ਼-1 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਭਾ ਦੇ ਪ੍ਰਧਾਨ ਅਤੇ ਠੇਕੇਦਾਰ ਨੇ ਆਪਸ ਰਲ ਕੇ ਕਥਿਤ ਤੌਰ ’ਤੇ ਘਪਲੇਬਾਜ਼ੀ ਕੀਤੀ ਹੈ। ਸਬ ਕਮੇਟੀ ਮੈਂਬਰਾਂ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਮੈਂਬਰਾਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 29 ਨਵੰਬਰ 2016 ਨੂੰ ਸੁਸਾਇਟੀ ਦੇ ਆਮ ਇਜਲਾਸ ਵਿੱਚ ਫਲੈਟਾਂ ਦੀ ਉਸਾਰੀ ਲਈ ਟੈਂਡਰ ਖੋਲ੍ਹਣ ਅਤੇ ਪਾਸ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਵਿੱਚ ਉਹ ਦੋਵੇਂ ਮੈਂਬਰ ਸਨ। ਉਨ੍ਹਾਂ ਨੂੰ ਠੇਕੇਦਾਰ ਇੰਦਰਜੀਤ ਸਿੰਘ ਅਤੇ ਪ੍ਰਮੋਟਰ ਲਿਮਟਿਡ ਦਾ 40 ਕਰੋੜ 7 ਲੱਖ 75 ਹਜ਼ਾਰ 931 ਰੁਪਏ ਦਾ ਟੈਂਡਰ ਜਾਂਚ ਲਈ ਦਿੱਤਾ ਗਿਆ ਸੀ। ਮੁੱਢਲੀ ਜਾਂਚ ਵਿੱਚ ਟੈਂਡਰ ਅਧੂਰਾ ਪਾਇਆ ਗਿਆ। ਜਿਸ ਵਿੱਚ ਬਿਜਲੀ, ਲਿਫਟਾਂ, ਗੈਸ ਪਾਈਪ, ਸਕਿਊਰਟੀ ਗੇਟ, ਫਾਇਰ ਫਾਈਟਿੰਗ ਸਿਸਟਮ ਨਹੀਂ ਸਨ ਅਤੇ ਰੇਟ ਵੀ ਮਾਰਕੀਟ ਰੇਟ ਤੋਂ ਵੱਧ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਇਹ ਟੈਂਡਰ ਰੱਦ ਕਰ ਦਿੱਤੇ ਗਏ ਸਨ ਪ੍ਰੰਤੂ ਉਨ੍ਹਾਂ ਦੀ ਰਿਪੋਰਟ ’ਤੇ ਕਾਰਵਾਈ ਕਰਨ ਦੀ ਥਾਂ ਪ੍ਰਬੰਧਕ ਕਮੇਟੀ ਨੇ ਉਲਟਾ ਉਨ੍ਹਾਂ ਦੀ ਕਮੇਟੀ ਨੂੰ ਭੰਗ ਕਰਕੇ ਠੇਕੇਦਾਰ ਇੰਦਰਜੀਤ ਸਿੰਘ ਟੈਂਡਰ ਅਲਾਟ ਕਰ ਦਿੱਤਾ। ਪੁਲੀਸ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਮੁਕੰਮਲ ਕਰਕੇ ਅਤੇ ਡੀਏ ਲੀਗਲ ਦੀ ਰਾਇ ਤੋਂ ਬਾਅਦ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਠੇਕੇਦਾਰ ਇੰਦਰਜੀਤ ਸਿੰਘ ਦੇ ਖ਼ਿਲਾਫ਼ ਜਨਵਰੀ 2018 ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਉਧਰ, ਫੇਜ਼-1 ਥਾਣਾ ਦੇ ਐਸਐਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਿਲਬੀਰ ਸਿੰਘ ਵਾਲੀਆ ਨੂੰ ਵੀਰਵਾਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਨਅਤੀ ਏਰੀਆ ਫੇਜ਼-8 ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸੁਮੀਤ ਮੋਰ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਧੋਖਾਧੜੀ ਦੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਹੈ ਅਤੇ ਸਭਾ ਦਾ ਜ਼ਰੂਰੀ ਰਿਕਾਰਡ ਹਾਸਲ ਕਰਕੇ ਪੜਤਾਲ ਕਰਨੀ ਹੈ। ਅਦਾਲਤ ਨੇ ਪੁਲੀਸ ਦੀ ਦਲੀਲਾਂ ’ਤੇ ਮੁਲਜ਼ਮ ਵਾਲੀਆ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ