
ਇਮੀਗਰੇਸ਼ਨ ਦੇ ਮਾਲਕ ਸਮੇਤ ਤਿੰਨ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ, 1 ਗ੍ਰਿਫ਼ਤਾਰ
ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ: ਡੀਐਸਪੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਮੁਹਾਲੀ ਪੁਲੀਸ ਨੇ ਨਵਾਂ ਸ਼ਹਿਰ ਦੀ ਵਸਨੀਕ ਰਾਜਵਿੰਦਰ ਕੌਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੈਸਟ ਕੈਰੀਅਰ ਇਮੀਗਰੇਸ਼ਨ ਦੇ ਪ੍ਰਬੰਧਕ ਅਤੇ ਤਿੰਨ ਹੋਰ ਵਿਅਕਤੀਆਂ ਵਿਰੁੱਧ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਧਾਰਾ 406 ਤੇ 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਅਧੀਨ ਅਪਰਾਧਿਕ ਪਰਚਾ ਦਰਜ ਕੀਤਾ ਹੈ।
ਰਾਜਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਕਤ ਵਿਅਕਤੀਆਂ ਨੇ ਕੈਨੇਡਾ ਭੇਜਣ ਦੇ ਨਾਮ ’ਤੇ ਉਸ ਨਾਲ ਠੱਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਉਹ ਬੈਸਟ ਕੈਰੀਅਰ ਇਮੀਗਰੇਸਨ ਫੇਜ਼-3ਬੀ2 ਦਾ ਅਖ਼ਬਾਰ ਵਿੱਚ ਕੈਨੇਡਾ ਭੇਜਣ ਦਾ ਇਸ਼ਤਿਹਾਰ ਦੇਖ ਕੇ ਆਪਣੇ ਰਿਸ਼ਤੇਦਾਰ ਰਾਜਵੀਰ ਸਿੰਘ ਨਾਲ ਕੰਪਨੀ ਦੇ ਦਫ਼ਤਰ ਆਈ ਸੀ। ਦਫ਼ਤਰ ਵਿੱਚ ਉਸ ਨੂੰ ਜਸਨੂਰ ਕੌਰ ਅਤੇ ਗੁਰਜੋਤ ਕੌਰ ਨਾਂ ਦੀਆਂ ਦੋ ਲੜਕੀਆਂ ਮਿਲੀਆਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਤੋਂ ਪ੍ਰਤੀ ਵਿਅਕਤੀ 25630 ਰੁਪਏ ਦੇਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ ਅਤੇ ਉਸਦੇ ਰਿਸ਼ਤੇਦਾਰ ਰਾਜਵੀਰ ਸਿੰਘ ਨੇ ਦੋਵਾਂ ਲੜਕੀਆਂ ਦੀਆਂ ਗੱਲਾਂ ਵਿੱਚ ਆ ਕੇ 1 ਜੂਨ 2019 ਨੂੰ ਜਸਨੂਰ ਕੌਰ ਅਤੇ ਗੁਰਜੋਤ ਕੌਰ ਕੋਲ ਆਪੋ ਆਪਣੇ 25,630 ਰੁਪਏ (ਕੁੱਲ 51260) ਨਗਦ ਜਮ੍ਹਾਂ ਕਰਵਾਏ ਗਏ।
ਸ਼ਿਕਾਇਤ ਕਰਤਾ ਅਨੁਸਾਰ ਇਸ ਉਪਰੰਤ ਉਸਦੇ ਰਿਸ਼ਤੇਦਾਰ ਰਾਜਵੀਰ ਸਿੰਘ ਨੇ 26 ਜੂਨ 2019 ਨੂੰ 3,49,00 ਰੁਪਏ ਅਤੇ 1 ਜੁਲਾਈ 2019 ਨੂੰ ਫਿਰ 3,49900 ਰੁਪਏ ਨਗਦ ਜਸਨੂਰ ਕੌਰ ਅਤੇ ਗੁਰਜੋਤ ਕੌਰ ਨੂੰ ਦਿੱਤੇ ਗਏ। ਇਸ ਤਰ੍ਹਾਂ ਉਨ੍ਹਾਂ ਲੇ 7,51,060 ਰੁਪਏ ਜਸਨੂਰ ਕੌਰ ਅਤੇ ਗੁਰਜੋਤ ਕੌਰ ਕੋਲ ਜਮਾਂ ਕਰਵਾ ਦਿੱਤੇ ਗਏ। ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਪੁੱਛ ਪੜਤਾਲ ਕਰਨ ’ਤੇ ਉਨ੍ਹਾਂ ਨੂੰ ਕੈਨੇਡਾ ਜਲਦੀ ਭੇਜਣ ਦਾ ਲਾਰਾ ਲਗਾ ਕੇ ਡੰਗ ਟਪਾਉਂਦੇ ਰਹੇ ਅਤੇ ਬਾਅਦ ਉਨ੍ਹਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਉਹ ਦੋਵੇਂ ਕੰਪਨੀ ਦੇ ਦਫ਼ਤਰ ਪਹੁੰਚੇ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਨ੍ਹਾਂ ਲੜਕੀਆਂ ਨੇ ਪੈਸੇ ਕਿਸ਼ਤਾਂ ਵਿੱਚ ਵਾਪਸ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਉਸਦੇ ਭਰਾ ਮਨਿੰਦਰ ਸਿੰਘ ਦੇ ਖਾਤੇ ਵਿੱਚ 4 ਲੱਖ 60 ਹਜ਼ਾਰ ਰੁਪਏ ਜਮਾਂ ਕਰਵਾ ਦਿੱਤੇ ਗਏ। ਜਦੋਂ ਉਨ੍ਹਾਂ ਨੇ ਬਾਕੀ ਦੇ ਪੈਸੇ ਮੰਗੇ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਨੇ ਦੁਬਾਰਾ ਕੰਪਨੀ ਨਾਲ ਤਾਲਮੇਲ ਕੀਤਾ ਤਾਂ ਉੱਥੇ ਕੁਲਦੀਪ ਸਿੰਘ ਨੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੁਲਦੀਪ ਸਿੰਘ ਨੇ ਵੀ ਕੋਈ ਆਈ ਗਈ ਨਹੀਂ ਦਿੱਤੀ। ਕੁੱਝ ਦਿਨਾਂ ਬਾਅਦ ਜਦੋਂ ਉਹ ਕੰਪਨੀ ਦਫ਼ਤਰ ਗਏ ਤਾਂ ਉੱਥੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਮਗਰੋਂ ਕੁਲਦੀਪ ਸਿੰਘ, ਜਸਨੂਰ ਕੌਰ, ਗੁਰਜੋਤ ਕੌਰ ਅਤੇ ਅਜੈ ਸ਼ਰਮਾ ਖ਼ਿਲਾਫ਼ ਧਾਰਾ ਧਾਰਾ 406,420, ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਉਧਰ, ਇਸ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ (ਡੀ) ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਸੰਮਨ ਭੇਜ ਕੇ ਆਪਣਾ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।