ਵਿਦੇਸ਼ ਭੇਜਣ ਦਾ ਝਾਂਸਾ ਦਾ ਕੇ ਕਿਸਾਨ ਨਾਲ ਠੱਗੀ: ਕਿਸਾਨਾਂ ਵੱਲੋਂ ਇਮੀਗਰੇਸ਼ਨ ਏਜੰਟ ਦੀ ਕੋਠੀ ਦਾ ਘਿਰਾਓ

ਡੀਐਸਪੀ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਗੱਲੀਬਾਤੀਂ ਸਮਝਾਉਣ ਦਾ ਯਤਨ, ਨਹੀਂ ਮੰਨੇ ਕਿਸਾਨ, ਰਾਤ ਨੂੰ ਵੀ ਧਰਨਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਇੱਥੋਂ ਦੇ ਫੇਜ਼-3ਬੀ2 ਦੇ ਇੱਕ ਇਮੀਗਰੇਸ਼ਨ ਏਜੰਟ ਦੀ ਰਿਹਾਇਸ਼ ਦੇ ਬਾਹਰ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਇਮੀਗਰੇਸ਼ਨ ਏਜੰਟ ’ਤੇ ਪੀੜਤ ਕਿਸਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਮੱਖਣ ਸਿੰਘ ਪਾਪੜਾ, ਸੁਖਪਾਲ ਸਿੰਘ, ਸੁਖਦੇਵ ਸ਼ਰਮਾ ਭੂਟਾਲ ਖੁਰਦ, ਰਿੰਕੂ ਮੂਣਕ, ਸੁਖਦੇਵ ਕੜੈਲ, ਬੀਰਬਲ ਹਮੀਰਗੜ੍ਹ, ਹਰਪ੍ਰੀਤ ਦੌਣ ਕਲਾਂ, ਅਰਸ਼ਦੀਪ ਪਟਿਆਲਾ, ਬੱਬੂ ਮੂਣਕ, ਜਸਵਿੰਦਰ ਬਿਸ਼ਨਪੁਰ ਨੇ ਕਿਹਾ ਕਿ ਏਜੰਟ ਨੇ ਗਰੀਬ ਕਿਸਾਨ ਤੋਂ ਉਸ ਦੇ ਬੇਟੇ ਨੂੰ ਵਿਦੇਸ਼ ਵਿੱਚ ਭੇਜ ਕੇ ਸੈੱਟ ਕਰਨ ਦਾ ਝੂਠਾ ਲਾਰਾ ਲਗਾ ਕੇ ਕਰੀਬ 25 ਲੱਖ ਰੁਪਏ ਵਸੂਲੇ ਗਏ। ਲੇਕਿਨ ਏਜੰਟ ਨੇ ਉਸ ਦੇ ਬੇਟੇ ਨੂੰ ਵਿਸ਼ੇਸ਼ ਨਹੀਂ ਭੇਜਿਆ ਅਤੇ ਨਾ ਉਨ੍ਹਾਂ ਪੈਸੇ ਵਾਪਸ ਕੀਤੇ ਗਏ। ਇਸ ਸਬੰਧੀ ਕਈ ਵਾਰ ਏਜੰਟ ਨਾਲ ਤਾਲਮੇਲ ਕਰਕੇ ਪੈਸੇ ਮੋੜਨ ਦੀ ਗੁਹਾਰ ਲਗਾਈ ਗਈ ਅਤੇ ਉਸ ਦੇ ਤਰਲੇ ਮਿੰਨਤਾ ਕੀਤੀਆਂ ਗਈਆਂ ਲੇਕਿਨ ਉਸ ਨੇ ਕੋਈ ਆਈ ਗਈ ਨਹੀਂ ਦਿੱਤੀ, ਸਗੋਂ ਹੁਣ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਪੀੜਤ ਕਿਸਾਨ ਦੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਦੱਸੀ। ਇਸ ਤਰ੍ਹਾਂ ਕਿਸਾਨ ਯੂਨੀਅਨ ਦੇ ਮੋਹਰੀ ਆਗੂ ਅੱਜ ਮੁਹਾਲੀ ਪਹੁੰਚ ਗਏ ਅਤੇ ਇਮੀਗਰੇਸ਼ਨ ਏਜੰਟ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਕੀਤਾ ਗਿਆ ਲੇਕਿਨ ਜਦੋਂ ਕੋਈ ਗੱਲ ਬਣਦੀ ਨਾ ਦਿਖੀ ਤਾਂ ਕਿਸਾਨ ਇਮੀਗਰੇਸ਼ਨ ਏਜੰਟ ਦੀ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਧਰਨਾ ਲਗਾ ਕੇ ਬੈਠ ਗਏ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਮਰੀਗਰੇਸ਼ਨ ਏਜੰਟ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਅਤੇ ਗੁਰਤੇਜ਼ ਸਿੰਘ ਵਾਸੀ ਪਿੰਡ ਘਮੂਰਘਾਟ (ਸੰਗਰੂਰ) ਦੇ ਪੂਰੇ ਪੈਸੇ (25 ਲੱਖ ਰੁਪਏ) ਵਾਪਸ ਨਹੀਂ ਕਰਦਾ, ਉਦੋਂ ਤੱਕ ਉਸ ਦੀ ਕੋਠੀ ਦਾ ਘਿਰਾਓ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦਾ ਅੰਨਦਾਤਾ ਪਹਿਲਾਂ ਹੀ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ, ਉੱਪਰੋਂ ਹੁਕਮਰਾਨਾਂ ਦੀਆਂ ਗਲਤ ਨੀਤੀਆਂ ਅਤੇ ਹੁਣ ਟਰੈਵਲ ਏਜੰਟ ਵੀ ਉਨ੍ਹਾਂ ਨਾਲ ਠੱਗੀਆਂ ਮਾਰਨ ਲੱਗ ਪਏ ਹਨ। ਇਸ ਦੌਰਾਨ ਮੁਹਾਲੀ ਪੁਲੀਸ ਵੱਲੋਂ ਡੀਐਸਪੀ ਨੇ ਗੱਲੀਬਾਤੀਂ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸਾਨਾਂ ਦਾ ਗੁੱਸਾ ਠੰਢਾ ਨਹੀਂ ਹੋਇਆ। ਕਿਸਾਨ ਇੱਕੋ ਜ਼ਿੱਦ ’ਤੇ ਅੜੇ ਹੋਏ ਹਨ ਕਿ ਉਹ ਆਪਣੇ ਪੂਰੇ ਪੈਸੇ ਲਏ ਬਿਨਾਂ ਵਾਪਸ ਨਹੀਂ ਜਾਣਗੇ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…