
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ: ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਹਰਜਿੰਦਰ ਸਿੰਘ ਉਰਫ਼ ਹੈਰੀ ਦੇ ਖ਼ਿਲਾਫ਼ ਧਾਰਾ 420, 406 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਪੀੜਤ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਮੁਲਾਕਾਤ ਹਰਜਿੰਦਰ ਸਿੰਘ ਨਾਲ ਹੋਈ ਸੀ, ਜਿਸ ਨੇ ਖ਼ੁਦ ਨੂੰ ਮੁੰਬਈ ਆਧਾਰਿਤ ਕੰਪਨੀ ਦਾ ਐਂਪਲਾਈਜ਼ ਦੱਸਦਿਆਂ ਉਸ (ਸ਼ਿਕਾਇਤਕਰਤਾ) ਦੇ ਬੇਟੇ ਹਰਦੀਪ ਸਿੰਘ ਨੂੰ ਕੰਪਨੀ ਰਾਹੀਂ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਸੀ। ਇਸ ਸਬੰਧੀ ਹਰਜਿੰਦਰ ਸਿੰਘ ਨੇ ਉਨ੍ਹਾਂ ਕੋਲੋਂ 20 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਵਿਅਕਤੀ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਕ੍ਰਿਸ਼ਨ ਸਿੰਘ ਅਤੇ ਲਖਵੀਰ ਸਿੰਘ ਬਡਾਲਾ ਦੀ ਮੌਜੂਦਗੀ ਵਿੱਚ ਆਪਣੇ ਘਰ ਪਿੰਡ ਕੁੰਭੜਾ ਵਿੱਚ ਤਿੰਨ ਕਿਸ਼ਤਾਂ 10 ਲੱਖ ਰੁਪਏ ਐਡਵਾਂਸ ਦਿੱਤੇ ਸਨ। ਇਸ ਮਗਰੋਂ ਹਰਜਿੰਦਰ ਨੇ ਉਸ ਦੇ ਬੇਟੇ ਦਾ ਪਾਸਪੋਰਟ ਅਤੇ ਆਈਡੀ ਪਰੂਫ਼ ਲੈ ਕੇ ਭਰੋਸਾ ਦਿੱਤਾ ਕਿ ਦੋ ਮਹੀਨੇ ਦੇ ਅੰਦਰ-ਅੰਦਰ ਹਰਦੀਪ ਸਿੰਘ ਨੂੰ ਕੈਨੇਡਾ ਭੇਜਿਆ ਜਾਵੇਗਾ। ਲੇਕਿਨ ਬਾਅਦ ਵਿੱਚ ਹਰਜਿੰਦਰ ਨੇ ਲਾਰੇ ਰੱਪੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।
ਲਗਾਤਾਰ ਦਬਾਅ ਪਾਉਣ ’ਤੇ ਹਰਜਿੰਦਰ ਸਿੰਘ ਨੇ ਉਸ ਨੂੰ ਮੁੰਬਈ ਸੱਦ ਲਿਆ। ਉਹ ਆਪਣੇ ਜਾਣਕਾਰ ਪੰਜਾਬ ਪੁਲੀਸ ਦੇ ਸੇਵਾਮੁਕਤ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ ਨਾਲ ਮੁੰਬਈ ਪਹੁੰਚ ਗਿਆ। ਜਿੱਥੇ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਦੋ ਦਿਨ ਰੱਖਣ ਮਗਰੋਂ ਇਹ ਕਹਿ ਵਾਪਸ ਮੋੜ ਦਿੱਤਾ ਕਿ ਕੰਪਨੀ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਹਫ਼ਤੇ ਬਾਅਦ ਉਨ੍ਹਾਂ ਦੇ ਪੈਸੇ ਵਾਪਸ ਮੋੜ ਦਿੱਤੇ ਜਾਣਗੇ। ਕੁੱਝ ਦਿਨਾਂ ਬਾਅਦ ਹਰਜਿੰਦਰ ਨੇ ਘਰ ਆ ਕੇ ਆਪਣੀ ਮਾਂ ਦੇ ਖ਼ਾਤੇ ’ਚੋਂ ਚੈੱਕ ਰਾਹੀਂ 5 ਲੱਖ ਵਾਪਸ ਕਰ ਦਿੱਤੇ ਅਤੇ ਬਾਕੀ ਪੰਜ ਲੱਖ ਵਾਪਸ ਦੇਣ ਤੋਂ ਟਾਲ ਮਟੋਲ ਕਰਦਾ ਰਿਹਾ। ਜਿਸ ਕਾਰਨ ਉਸ ਨੇ ਤੰਗ ਪ੍ਰੇਸ਼ਾਨ ਹੋ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਹਰਜਿੰਦਰ ਸਿੰਘ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਹਰਜਿੰਦਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।