
ਆਨਲਾਈਨ ਠੱਗੀ: ਅੌਰਤ ਦੇ ਬੈਂਕ ਖਾਤੇ ’ਚੋਂ ਗੂਗਲ ਪੇਅ ਰਾਹੀਂ 20 ਹਜ਼ਾਰ ਦੀ ਠੱਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਇੱਥੋਂ ਦੇ ਸੈਕਟਰ-70 ਦੀ ਇਕ ਅੌਰਤ ਨਾਲ ਧੋਖਾਧੜੀ ਕਰਕੇ ਉਸ ਦੇ ਬੈਂਕ ਖਾਤੇ ’ਚੋਂ ਗੂਗਲ ਪੇਅ ਰਾਹੀਂ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅੌਰਤ ਨੇ ਐਸਐਸਪੀ ਨੂੰ ਸ਼ਿਕਾਇਤ ਭੇਜ ਕੇ ਉਸ ਨਾਲ ਠੱਗੀ ਮਾਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੀੜਤ ਅੌਰਤ ਨਿਸ਼ਾ ਅਰੋੜਾ ਨੇ ਆਪਣੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਸ ਦੇ ਪਤੀ ਅਵਤਾਰ ਸਿੰਘ ਦਾ ਟੈਕਸੀਆਂ ਦਾ ਕੰਮ ਹੈ ਅਤੇ ਬੀਤੇ ਕੱਲ੍ਹ 16 ਜੂਨ ਦੀ ਰਾਤ ਨੂੰ ਕਰੀਬ 10 ਵਜੇ ਉਸ ਦੇ ਪਤੀ ਨੂੰ ਜਸਟ ਡਾਇਲ ਤੋਂ ਫੋਨ ਆਇਆ ਕਿ ਆਰਮੀ ਵਾਲਿਆਂ ਨੂੰ ਜੰਮੂ ਲਈ ਟੈਕਸੀ ਚਾਹੀਦੀ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਆਪਣੀ ਗੱਡੀ ਦੀਆਂ ਫੋਟੋਆਂ, ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ, ਆਰਸੀ ਦੀਆਂ ਫੋਟੋ ਮੋਬਾਈਲ ਵਿੱਚ ਖਿੱਚ ਕੇ ਭੇਜ ਦੇਣ ਕਿਉਂਕਿ ਜੰਮੂ ਜਾਣ ਲਈ ਆਰਮੀ ਦਫ਼ਤਰ ਤੋਂ ਈ-ਪਾਸ ਬਣਾਉਣਾ ਜ਼ਰੂਰੀ ਹੈ।
ਪੀੜਤ ਅੌਰਤ ਦੇ ਪਤੀ ਨੇ ਆਪਣੀ ਗੱਡੀ ਦੀ ਫੋਟੋ ਦੇ ਨਾਲ-ਨਾਲ ਆਪਣੇ ਆਧਾਰ ਕਾਰਡ ਅਤੇ ਪੈਨ ਕਾਰਡ ਅਤੇ ਆਰਸੀ ਦੀਆਂ ਫੋਟੋਆਂ ਭੇਜ ਦਿੱਤੀਆਂ ਅਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਜੰਮੂ ਜਾਣ ਦਾ ਕਿਰਾਇਆ (6800 ਰੁਪਏ) ਐਡਵਾਂਸ ਵਿੱਚ ਦੇ ਦਿਓ, ਜਿਸ ’ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਗੂਗਲ ਅਕਾਊਂਟ ਨੰਬਰ ਭੇਜ ਦਿਓ ਤਾਂ ਉਹ ਗੂਗਲ ਪੇਅ ਰਾਹੀਂ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਟਰਾਂਸਫ਼ਰ ਕਰ ਦੇਣਗੇ। ਪੀੜਤ ਅੌਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਿਹਾ ਕਿ ਉਸ ਕੋਲ ਗੂਗਲ ਪੇਅ ਅਕਾੳਂੂਟ ਨਹੀਂ ਹੈ। ਇਸ ਮਗਰੋਂ ਉਸ ਨੇ ਆਪਣੀ ਪਤਨੀ ਦਾ ਮੋਬਾਈਲ ਨੰਬਰ ਦੇ ਦਿੱਤਾ। ਰਾਤ ਕਰੀਬ 10:50 ਵਜੇ ਉਸ ਦੇ ਫੋਨ ’ਤੇ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਨ੍ਹਾਂ ਦੇ ਖਾਤੇ ਵਿੱਚ ਟੈਕਸੀ ਦੇ ਕਿਰਾਏ ਲਈ 6800 ਰੁਪਏ ਟਰਾਂਸਫ਼ਰ ਕਰਨੇ ਹਨ। ਫੋਨ ਕਰਨ ਵਾਲੇ ਦਾ ਕਹਿਣਾ ਸੀ ਕਿ ਉਹ ਇਕ ਕੋਡ ਭੇਜ ਰਿਹਾ ਹੈ। ਪਹਿਲਾਂ ਉਹ ਕੋਡ ਭਰਨਗੇ। ਉਸ ਤੋਂ ਬਾਅਦ ਪੀੜਤ ਅੌਰਤ ਆਪਣਾ ਕੋਡ ਭਰੇਗੀ।
ਜਦੋਂ ਅੌਰਤ ਨੇ ਕੋਡ ਭਰਿਆ ਤਾਂ ਉਸ ਦੇ ਖਾਤੇ ’ਚੋਂ 5 ਰੁਪਏ ਕੱਟੇ ਗਏ। ਬਾਅਦ ਵਿੱਚ ਠੱਗ ਨੇ ਉਸ ਦੇ ਖਾਤੇ ਵਿੱਚ 10 ਰੁਪਏ ਭੇਜ ਕੇ ਕਿਹਾ ਕਿ ਹੁਣ ਸ਼ਿਕਾਇਤ ਕਰਤਾ ਦਾ ਖਾਤਾ ਵੈਰੀਫਾਈ ਹੋ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਕੋਡ ਭਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਦੇ ਮੋਬਾਈਲ ਦੀ ਸਕਰੀਨ ’ਤੇ ਦੋ ਆਪਸ਼ਨਾਂ ਰਸੀਵ ਐਡ ਮਨੀ ਆ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸਨੇ ਫੋਨਕਰਤਾ ਨੂੰ ਕਿਹਾ ਕਿ ਇਸ ਨਾਲ ਤਾਂ ਮੇਰੇ ਖਾਤੇ ਵਿੱਚ ਪੈਸੇ ਕੱਟਣਗੇ ਤਾਂ ਉਸ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਪੀੜਤ ਅੌਰਤ ਨੇ ਪ੍ਰੋਸੀਡ ਦਾ ਆਪਸ਼ਾਨ ਦਬਾ ਦਿੱਤਾ। ਜਿਸ ਨਾਲ ਉਸਦੇ ਖਾਤੇ ’ਚੋਂ 5 ਹਜ਼ਾਰ ਰੁਪਏ ਕੱਟ ਗਏ। ਉਸ ਤੋਂ ਬਾਅਦ ਫੋਨਕਰਤਾ ਨੇ ਦੁਬਾਰਾ ਕਿਹਾ ਕਿ ਉਹ ਦੁਬਾਰਾ ਕੋਡ ਭੇਜਦੇ ਹਨ ਅਤੇ ਉਨ੍ਹਾਂ ਦੇ ਪੈਸੇ ਵਾਪਸ ਆ ਜਾਣਗੇ। ਉਸ ਨੇ ਫਿਰ ਕੋਡ ਭੇਜਿਆ ਜਦੋਂ ਕੋਡ ਦੁਬਾਰਾ ਸਕੈਨ ਕੀਤਾ ਤਾਂ ਉਸਦੇ ਖਾਤੇ ਵਿੱਚ ਫਿਰ 5 ਹਜ਼ਾਰ ਰੁਪਏ ਹੋਰ ਕੱਟ ਗਏ। ਇਸ ਤਰ੍ਹਾਂ ਉਸਦੇ ਖਾਤੇ ’ਚੋਂ 20 ਹਜ਼ਾਰ ਰੁਪਏ ਕੱਢਵਾ ਲਏ। ਇਸ ਸਬੰਧੀ ਉਸਨੇ ਉਕਤ ਨੰਬਰ ’ਤੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।