ਆਈਟੀ ਕੰਪਨੀ ਦੀ ਆੜ ਹੇਠ ਚੱਲ ਰਹੇ ਠੱਗੀ ਦੇ ਗੋਰਖਧੰਦੇ ਦਾ ਪਰਦਾਫਾਸ਼, 12 ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਜ਼ਿਲ੍ਹਾ ਪੁਲੀਸ ਨੇ ਆਈਟੀ ਕੰਪਨੀ ਦੀ ਆੜ ਹੇਠ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਧਾਰਾ 406,420 ਅਤੇ 66 ਆਈਟੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੋਹਿਤ ਚੇਚੀ ਤੇ ਦਰਸ਼ਨਦੀਪ ਸਿੰਘ ਦੋਵੇਂ ਵਾਸੀ ਡੇਰਾਬੱਸੀ, ਯੁਵਰਾਜ ਸਲਾਰੀਆ ਵਾਸੀ ਜੰਮੂ-ਕਸ਼ਮੀਰ, ਹਾਲ ਵਾਸੀ ਲਾਂਡਰਾਂ, ਦੇਵਿੰਦਰ ਕੁਮਾਰ ਵਾਸੀ ਪਿੰਡ ਸਾਥਲਾ (ਸ਼ਿਮਲਾ) ਹਾਲ ਵਾਸੀ ਗੁਲਮੋਹਰ ਕੰਪਲੈਕਸ ਸੈਕਟਰ-125, ਦੇਵ ਕੁਮਾਰ ਵਾਸੀ ਸੈਕਟਰ-84, ਮੋਹਿਤ ਕੁਮਾਰ ਵਾਸੀ ਸੈਕਟਰ-85, ਇਰਫਾਨ ਭੱਟ ਵਾਸੀ ਗਿਲਕੋ ਵੈਲੀ ਖਰੜ, ਪ੍ਰਸ਼ਾਤ ਸ਼ਰਮਾ ਵਾਸੀ ਸੈਕਟਰ-46-ਡੀ, ਅਤੇ ਵਿਕਰਮ ਸਿੰਘ ਵਾਸੀ ਪਿੰਡ ਊਧਨਵਾਲ (ਬਲਾਚੌਰ) ਅਤੇ ਨਮਨ ਸੂਰੀ ਵਾਸੀ ਈਸਟ ਪਟੇਲ ਨਗਰ, ਦਿੱਲੀ, ਬਲਜਿੰਦਰ ਸਿੰਘ ਵਾਸੀ ਪਿੰਡ ਹੁਕੜਾਂ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਾਰਤਿਕ ਸ਼ਰਮਾ ਇਹ ਸਾਰੇ ਸੈਕਟਰ-91 (ਮੁਹਾਲੀ) ਵਿੱਚ ਰਹਿੰਦੇ ਸਨ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹਾਲੀ ਦੇ ਸਨਅਤੀ ਏਰੀਆ ਫੇਜ਼-8-ਬੀ ਦੀ ਇੱਕ ਇਮਾਰਤ ਦੀ ਤੀਜੀ ਮੰਜ਼ਲ ’ਤੇ ਆਈਟੀ ਕੰਪਨੀ ਦੀ ਆੜ ਵਿੱਚ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਇਸ ਸਬੰਧੀ ਕੇਸ ਦਰਜ ਕਰਕੇ ਐਸਪੀ (ਟਰੈਫ਼ਿਕ) ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਤਫ਼ਤੀਸ਼ ਦੌਰਾਨ ਉਕਤ ਗਰੋਹ ਦਾ ਪਰਦਾਫਾਸ਼ ਕਰਕੇ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਅਨੁਸਾਰ ਮੁਲਜ਼ਮਾਂ ਵੱਲੋਂ ਦਿਖਾਵੇ ਵਜੋਂ ਲੋਜਿਸਟਿਕ ਸਬੰਧੀ ਕੰਪਨੀ ਚਲਾਈ ਜਾ ਰਹੀ ਸੀ। ਜਿਸ ਦੀ ਆੜ ਵਿੱਚ ਇਹ ਫਰਜੀ ਕਾਲ ਸੈਂਟਰ ਚਲਾ ਰਹੇ ਸਨ। ਮੁਲਜ਼ਮਾਂ ਵੱਲੋਂ ਖ਼ੁਦ ਨੂੰ ‘ਪੇ-ਪਾਲ’ ਕੰਪਨੀ ਦੇ ਕਰਮਚਾਰੀ ਦੱਸ ਕੇ ਜਾਅਲੀ ਈ-ਮੇਲ ਯੂਐਸਏ (ਵਿਦੇਸ਼) ਦੇ ਲੋਕਾਂ ਨੂੰ ਭੇਜੀ ਜਾਂਦੀ ਸੀ ਅਤੇ ਈ-ਮੇਲ ਵਿੱਚ ਲਿਖਿਆ ਜਾਂਦਾ ਸੀ ਕਿ ਆਪ ਜੀ ਦਾ ‘ਪੇ-ਪਾਲ’ ਅਕਾਉਂਟ ਬਲਾਕ ਕਰ ਦਿੱਤਾ ਗਿਆ ਹੈ। ਉਸ ਨੂੰ ਖੁੱਲ੍ਹਵਾਉਣ ਲਈ ਉਨ੍ਹਾਂ ਦੇ ਟੋਲ ਫਰੀ ਨੰਬਰ ’ਤੇ ਸੰਪਰਕ ਕੀਤਾ ਜਾਵੇ। ਜਦੋਂ ਸਬੰਧਤ ਲੋਕ ਮੁਲਜ਼ਮਾਂ ਦੇ ਟੋਲ ਫਰੀ ਨੰਬਰ ’ਤੇ ਕਾਲ ਕਰਦੇ ਸਨ ਤਾਂ ਉਨ੍ਹਾਂ ਨੂੰ ‘ਪੇ-ਪਾਲ’ ਅਕਾਉਂਟ ਦੁਬਾਰਾ ਚਾਲੂ ਕਰਨ ਲਈ ਵੱਡੀ ਮਾਤਰਾ ਵਿੱਚ ਚਾਰਜ ਵਸੂਲ ਕਰਨ ਦੇ ਨਾਂ ’ਤੇ ਠੱਗੀ ਮਾਰਦੇ ਸਨ। ਮੁਲਜ਼ਮਾਂ ਕੋਲੋਂ 3 ਮੋਬਾਈਲ ਫੋਨ ਅਤੇ 12 ਕੰਪਿਊਟਰ ਸੈੱਟ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…