ਨੌਕਰੀ ਦਾ ਝਾਂਸਾ ਦੇ ਕੇ ਸਾਬਕਾ ਫੌਜੀ ਦੇ ਖਾਤੇ ’ਚੋਂ ਧੋਖੇ ਨਾਲ ਸਵਾ 3 ਲੱਖ ਰੁਪਏ ਦੀ ਕਢਵਾਏ

ਐਕਸ ਸਰਵਿਸਮੈਨ ਗੀ੍ਰਵੈਸਿਸ ਸੈਲ ਨੇ ਵਾਪਸ ਕਰਵਾਈ ਠੱਗੀ ਦੀ ਰਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਚੰਡੀਗੜ੍ਹ ਦੀ ਇਕ ਸਿਕਿਉਰਿਟੀ ਕੰਪਨੀ ਵੱਲੋਂ ਸਾਬਕਾ ਫੌਜੀ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਧੋਖੇ ਨਾਲ ਉਸਦੇ ਬੈਂਕ ਖਾਤੇ ’ਚੋਂ ਕਰੀਬ ਸਵਾ 3 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫੌਜੀਆਂ ਦੀ ਸੰਸਥਾ ਐਕਸ ਸਰਵਿਸਮੈਨ ਗ੍ਰੀਵਿਸਿਸ ਸੈਲ ਨੇ ਠੱਗੀ ਦੀ ਜਾਣਕਾਰੀ ਮਿਲਦੇ ਹੀ ਕੰਪਨੀ ਦੇ ਦਫ਼ਤਰ ਪਹੁੰਚ ਕੇ ਸਾਬਕਾ ਫੌਜੀ ਦੇ ਪੈਸੇ ਵਾਪਸ ਕਰਵਾਏ ਗਏ। ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ਼. ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਸਾਬਕਾ ਫੌਜੀ ਹੌਲਦਾਰ ਸੁਰਿੰਦਰ ਸਿੰਘ ਵਾਸੀ ਮੁਕਤਸਰ ਨੇ ਅਖ਼ਬਾਰ ਵਿੱਚ ਚੰਡੀਗੜ੍ਹ ਦੀ ਇਕ ਸਿਕਿਉਰਿਟੀ ਕੰਪਨੀ ਵੱਲੋਂ ਸਾਬਕਾ ਫੌਜੀਆਂ ਨੂੰ ਨੌਕਰੀਆਂ ਦਿਵਾਉਣ ਦਾ ਇਸ਼ਤਿਹਾਰ ਪੜ੍ਹ ਕੇ ਉਨ੍ਹਾਂ ਨਾਲ ਤਾਲਮੇਲ ਕੀਤਾ ਸੀ। ਕੰਪਨੀ ਦੀ ਸੰਚਾਲਕ ਲੜਕੀ ਜੋ ਕਿ ਸਾਬਕਾ ਫੌਜੀਆਂ ਦਾ ਭਰੋਸਾ ਜਿੱਤਣ ਲਈ ਖ਼ੁਦ ਨੂੰ ਬ੍ਰਿਗੇਡੀਅਰ ਦੀ ਬੇਟੀ ਦੱਸਦੀ ਹੈ ਨੇ ਪੀੜਤ ਸੁਰਿੰਦਰ ਸਿੰਘ ਨੂੰ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ ਦੋ ਖਾਲੀ ਚੈੱਕ ਲੈ ਲਏ।
ਕਰਨਲ ਸੋਹੀ ਨੇ ਦੱਸਿਆ ਕਿ ਜਦੋਂ ਸੁਰਿੰਦਰ ਸਿੰਘ ਤੋਂ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਮੋਬਾਈਲ ਫੋਨ ’ਤੇ ਬੈਂਕ ਦਾ ਮੈਸਿਜ ਆਇਆ ਕਿ ਉਸਦੇ ਖਾਤੇ ’ਚੋਂ ਦੋ ਚੈੱਕਾਂ ਰਾਹੀਂ ਤਿੰਨ ਲੱਖ 20 ਹਜ਼ਾਰ 500 ਰੁਪਏ ਕਢਵਾ ਲਏ ਗਏ ਹਨ। ਬੈਂਕ ਦਾ ਸੁਨੇਹਾ ਦੇਖ ਕੇ ਸਾਬਕਾ ਫੌਜੀ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਉਸ ਨੇ ਤੁਰੰਤ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਨਾਲ ਸੰਪਰਕ ਕਰਕੇ ਆਪਬੀਤੀ ਦੱਸੀ।
ਕਰਨਲ ਸੋਹੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸਾਬਕਾ ਫੌਜੀਆਂ ਦੇ ਵਫ਼ਦ ਨਾਲ ਸਬੰਧਤ ਸਿਕਿਉਰਿਟੀ ਕੰਪਨੀ ਵਿੱਚ ਜਾ ਕੇ ਸੰਚਾਲਕ ਨਾਲ ਗੱਲ ਕੀਤੀ। ਪਹਿਲਾਂ ਤਾਂ ਲੜਕੀ ਨੇ ਫਰਾਟੇਦਾਰ ਅੰਗਰੇਜ਼ੀ ਬੋਲਦਿਆਂ ਅਤੇ ਖ਼ੁਦ ਨੂੰ ਕਿਸੇ ਬ੍ਰਿਗੇਡੀਅਰ ਦੀ ਧੀ ਹੋਣ ਦਾ ਦਾਅਵਾ ਕਰਦਿਆਂ ਸੰਸਥਾ ਦੇ ਆਗੂਆਂ ਉੱਤੇ ਰੋਅਬ ਪਾਉਣ ਦਾ ਯਤਨ ਕੀਤਾ ਪਰ ਸੰਸਥਾ ਦੇ ਆਗੂ ਸਾਬਕਾ ਫੌਜੀ ਦੇ ਖਾਤੇ ’ਚੋਂ ਧੋਖੇ ਨਾਲ ਕਢਵਾਏ ਤਿੰਨ ਲੱਖ, 20 ਹਜ਼ਾਰ, 500 ਰੁਪਏ ਵਾਪਸ ਲੈਣ ਦੀ ਜ਼ਿੱਦ ’ਤੇ ਅੜ ਗਏ ਅਤੇ ਉਨ੍ਹਾਂ ਦੇ ਪੁਲੀਸ ਬੁਲਾਉਣ ਦੀ ਗੱਲ ਕਹਿਣ ’ਤੇ ਕੰਪਨੀ ਵੱਲੋਂ ਸਾਬਕਾ ਫੌਜੀ ਸੁਰਿੰਦਰ ਸਿੰਘ ਨੂੰ ਤਿੰਨ ਲੱਖ 20 ਹਜ਼ਾਰ ਰੁਪਏ ਵਾਪਸ ਕਰ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …