Share on Facebook Share on Twitter Share on Google+ Share on Pinterest Share on Linkedin ਪਿੰਡ ਲਾਂਡਰਾਂ ਵਿੱਚ ਮੁਫ਼ਤ ਕੈਂਸਰ ਜਾਂਚ ਕੈਂਪ, 450 ਵਿਅਕਤੀਆਂ ਦੀ ਜਾਂਚ ਅੌਰਤਾਂ ਅਤੇ ਪੁਰਸ਼ਾਂ ਦੇ ਸਾਰੇ ਟੈਸਟ ਮੁਫ਼ਤ ਕੀਤੇ, ਮੁਫ਼ਤ ਦਵਾਈਆਂ ਦਿੱਤੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ: ਸਮਾਜ ਸੇਵੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਪਿੰਡ ਲਾਂਡਰਾਂ ਦੇ ਜੰਮਪਲ ਅਤੇ ਲੰਡਨ ਦੇ ਵਸਨੀਕ ਅਸਿੰਦਰ ਸਿੰਘ ਦੇਵ ਨੇ ਯੂਨਾਈਟਿਡ ਏਅਰਲਾਈਨਜ਼ ਲੰਡਨ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸਾਹਿਬ ਪਿੰਡ ਲਾਂਡਰਾਂ ਵਿੱਚ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਸਾਥੀ ਸੁਰਿੰਦਰ ਕੌਰ ਹੰਸਰਾ, ਸੁਖਜੀਤ ਕੌਰ ਗਰੇਵਾਲ ਅਤੇ ਡਾ. ਕੇਐਸ ਦੇਵ ਵਿਸ਼ੇਸ਼ ਤੌਰ ’ਤੇ ਲੰਡਨ ਤੋਂ ਮੈਡੀਕਲ ਕੈਂਪ ਵਿੱਚ ਪਹੁੰਚੇ ਹੋਏ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਕਮਾਲਪੁਰਾ (ਲੁਧਿਆਣਾ) ਵਿੱਚ ਇਕ ਅਜਿਹਾ ਕੈਂਪ ਲਗਾਇਆ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ 450 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 250 ਪਿੰਡ ਵਾਸੀਆਂ ਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਕੈਂਸਰ ਦੇ ਮਹਿੰਗੇ ਟੈਸਟ ਬਿਲਕੁਲ ਮੁਫ਼ਤ ਕਰ ਰਹੀ ਹੈ। ਜਿਨ੍ਹਾਂ ਵਿੱਚ ਅੌਰਤਾਂ ਨੂੰ ਛਾਤੀ ਦੇ ਕੈਂਸਰ ਲਈ ਮੈਮੋਗਰਾਫ਼ੀ ਟੈਸਟ, ਬੱਚੇਦਾਨੀ ਦੇ ਮੂੰਹ ਦੇ ਕੈਂਸਰ, ਗਦੂਦਾਂ ਦੇ ਕੈਂਸਰ, ਮੂੰਹ ਅਤੇ ਗਲੇ ਦੇ ਕੈਂਸਰ ਦੀ ਜਾਂਚ ਅਤੇ ਓਰਲ ਸਕਰੀਨਿੰਗ ਅਤੇ ਬਲੱਡ ਕੈਂਸਰ ਦੇ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰੇਕ ਮਰੀਜ਼ ਦਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਹੋਰ ਜਨਰਲ ਬਿਮਾਰੀਆਂ ਸਬੰਧੀ ਵਿਟਾਮਿਨਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਡਾ. ਕੇਐਸ ਦੇਵ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਹਰ ਸਾਲ 10 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਹੈ ਅਤੇ ਲਗਭਗ ਪੰਜ ਲੱਖ ਲੋਕ ਕੈਂਸਰ ਨਾਲ ਮਰ ਰਹੇ ਹਨ। ਜੋ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਖਰੜ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾਂ, ਸਾਬਕਾ ਆਈਜੀ ਹਰਬੰਸ ਸਿੰਘ ਅਤੇ ਮਿਲਕਮੈਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ, ਸੁਰਿੰਦਰ ਕੌਰ, ਸੁਖਜੀਤ ਕੌਰ ਗਰੇਵਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ