
ਸਰਕਾਰੀ ਆਈਟੀਆਈ (ਲੜਕੀਆਂ) ਵਿੱਚ ਮੁਫ਼ਤ ਟੀਕਾਕਰਨ ਕੈਂਪ ਦਾ ਆਯੋਜਨ
ਕੁਦਰਤੀ ਕਰੋਪੀ ਦੇ ਟਾਕਰੇ ਲਈ ਜਾਗਰੂਕਤਾ ਅਤੇ ਕਾਰਜਸ਼ੀਲ ਹੋਣ ਦੀ ਲੋੜ : ਮੇਅਰ ਜੀਤੀ ਸਿੱਧੂ
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੰਸਥਾ ਦਾ ਸਟਾਫ 100 ਪ੍ਰਤੀਸ਼ਤ ਵੈਕਸੀਨੇਟਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਸਿੱਖਿਆ ਸੰਸਥਾਵਾਂ ਨੂੰ 26-07-2021 ਤੋਂ ਖੋਲਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਦੇ ਸਿੱਟੇ ਵੱਜੋਂ ਸਰਕਾਰੀ ਆਈਟੀਆਈ (ਲੜਕੀਆਂ) ਮੁਹਾਲੀ ਨੂੰ ਖੋਲ੍ਹਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਤਿਆਰੀਆਂ ਜੋਰਾਂ ਤੇ ਹਨ। ਇਸੇ ਲੜੀ ਤਹਿਤ ਸਿਹਤ ਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਵਿੱਚ ਅੱਜ ਸੰਸਥਾ ਵਿਖੇ ਕੋਵਿਡ-19 ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਕੀਤਾ ਗਿਆ ਜਿਸ ਦੌਰਾਨ ਕਰੀਬ 150 ਲੋਕਾਂ ਨੂੰ ਕੋਵਾਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਹਿੱਤ ਸੰਸਥਾ ਦੇ ਸਟਾਫ਼ ਅਤੇ ਸਿਖਿਆਰਥੀਆਂ ਦਾ ਮੁਕੰਮਲ ਟੀਕਾਕਰਨ ਯਕੀਨੀ ਬਣਾਉਣ ਲਈ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਿਖਿਆਰਥੀਆਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸੰਸਥਾ ਦਾ 100 ਫੀਸਦੀ ਸਟਾਫ਼ ਵੈਕਸੀਨੇਟ ਕੀਤਾ ਜਾ ਚੁੱਕਾ ਹੈ ਅਤੇ ਰਹਿੰਦੇ ਸਿਖਿਆਰਥੀਆਂ ਨੂੰ ਵੀ ਵੈਕਸੀਨੇਟ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਕੈਂਪ ਦੌਰਾਨ ਜੁੜੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕਰੋਨਾ ਤੋਂ ਮੁਕਤੀ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੁਦਰਤੀ ਕਰੋਪੀ ਤੋਂ ਨਿਜਾਤ ਪਾਉਣ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਅਤੇ ਕਾਰਜਸ਼ੀਲ ਹੋਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਬੀਮਾਰੀ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਦੀਪ ਸਿੰਘ ਬੇਦੀ, ਕੌਂਸਲਰ ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਰੁਪਿੰਦਰ ਕੌਰ ਰੀਨਾ, ਜਸਪ੍ਰੀਤ ਸਿੰਘ ਗਿੱਲ, ਵਿਕਟਰ ਨਿਹੋਲਕਾ, ਅਜੀਤ ਸਿੰਘ ਲੌਂਗੀਆਂ, ਸੁਪਰਡੈਂਟ ਅਵਤਾਰ ਸਿੰਘ, ਗਰੁੱਪ ਇੰਸਟਰਕਟਰ ਸਤਨਾਮ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸ਼ਰਮਾ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਰੇਨੂ ਸ਼ਰਮਾ, ਸ੍ਰੀਮਤੀ ਸ਼ਵੀ ਗੋਇਲ, ਵਰਿੰਦਰਪਾਲ ਸਿੰਘ, ਕੁਮਾਰੀ ਈਸ਼ੂ ਰਾਜਪੂਤ ਅਤੇ ਕੁਮਾਰੀ ਗੁਰਵਿੰਦਰ ਕੌਰ ਹਾਜ਼ਰ ਸਨ।