
ਪੰਜਾਬ ਪੁਲੀਸ ਦੀ ਭਰਤੀ ਦੇ ਮੱਦੇਨਜ਼ਰ ਨੌਜਵਾਨਾਂ ਦੀ ਸਹੂਲਤ ਲਈ ਮੁਫ਼ਤ ਸਿਖਲਾਈ ਕੈਂਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਦਿਨਕਰ ਗੁਪਤਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਵਿੱਚ ਪੁਰਸ਼ ਅਤੇ ਮਹਿਲਾਵਾਂ ਦੀ ਆਉਣ ਵਾਲੀ ਭਰਤੀ ਸਬੰਧੀ ਜ਼ਿਲ੍ਹਾ ਮੁਹਾਲੀ ਵਿਖੇ ਪੁਲੀਸ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਅੱਜ ਇੱਥੋਂ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ ਮੁਫ਼ਤ ਸਿਖਲਾਈ ਪ੍ਰੋਗਰਾਮ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਵਿੱਚ ਨੌਜਵਾਨਾਂ ਦੀ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਦੇ ਨਾਲ-ਨਾਲ ਸਿਹਤ ਦੀ ਤੰਦਰੁਸਤੀ ਲਈ ਹੋਰ ਪ੍ਰਮੁੱਖ ਕਸਰਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪੁਲੀਸ ਦੀ ਭਰਤੀ ਸਬੰਧੀ ਨੌਜਵਾਨਾਂ ਲੜਕੇ ਲੜਕੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਰੀਬ 150 ਨੌਜਵਾਨ ਲੜਕੇ-ਲੜਕੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਮੀਦਵਾਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਪ੍ਰੀਖਿਆ ਵਿੱਚ ਸਫਲਤਾ ਲਈ ਕਿਵੇਂ ਆਪਣਾ ਰੋਜ਼ਮੱਰਾ ਤਿਆਰ ਕਰਨਾ ਹੈ। ਚਾਹਵਾਨ ਉਮੀਦਵਾਰ ਕੋਚਿੰਗ ਲਈ ਐਸਐਸਪੀ ਦਫ਼ਤਰ ਵਿੱਚ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਿਖਲਾਈ ਕੈਂਪ ਵਿੱਚ ਚਾਹਵਾਨ ਉਮੀਦਵਾਰਾਂ ਨੂੰ ਫਿਜ਼ੀਕਲ ਦੀ ਤਿਆਰੀ, ਲਿਖਤੀ ਪ੍ਰੀਖਿਆ ਸਬੰਧੀ ਤਿਆਰੀ ਅਤੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਤਾਂ ਜੋ ਪੁਲੀਸ ਦੀ ਭਰਤੀ ਸਮੇਂ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।