ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਸ ‘ਬੀ’ ਦਾ ਮੁਫ਼ਤ ਇਲਾਜ ਤੇ ਜਾਂਚ ਸ਼ੁਰੂ: ਸਿੱਧੂ

ਪੀਜੀਆਈ ਵਿੱਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜ਼ੇਟਿਵ ਪੰਜਾਬ ਦੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਦਵਾਈ

ਮੁਫ਼ਤ ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਲਈ ਸੇਵਾਵਾਂ ਲਈ 27 ਸੈਂਟਰ ਸਥਾਪਿਤ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਇਕ ਹੋਰ ਕਦਮ ਅੱਗੇ ਪੁੱਟਦਿਆਂ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਸ ‘ਬੀ’ ਦੀ ਮੁਫ਼ਤ ਮੁਫ਼ਤ ਅਤੇ ਟੈਸਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਸਰਕਾਰ ਦੀ ਇਸ ਪਹਿਲਕਦਮੀ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏਆਰਟੀ), ਓਰਲ ਸਬਸਟੀਚਿਊਸ਼ਨ ਥੈਰੇਪੀ (ਓਐਸਟੀ) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕਰੀਨਿੰਗ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟਰੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੇ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲ ਇਕ ਲੈਬਾਰਟਰੀ ਟੈਕਨੀਸ਼ੀਅਨ ਪ੍ਰਦਾਨ ਕੀਤੀ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ ਦੇ ਹੈਪੇਟਾਈਟਸ ਬੀ ਦੇ ਨਮੂਨੇ ਮੁਫ਼ਤ ਲਏ ਜਾਣਗੇ ਜਦੋਂ ਕਿ ਸਰਕਾਰ ਵੱਲੋਂ ਟੈਸਟ ਦੀ ਲਾਗਤ 851 ਰੁਪਏ ਦੀ ਦਰ ਨਾਲ ਲੈਬ ਨੂੰ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਹੈਪੇਟਾਈਟਸ ਬੀ ਦਾ ਇਲਾਜ ਲੰਮਾ ਅਤੇ ਮਹਿੰਗਾ ਹੈ ਪਰ ਸੂਬਾ ਸਰਕਾਰ ਸਬੰਧਤ ਲੋਕਾਂ ਨੂੰ ਦਵਾਈ ਮੁਫ਼ਤ ਪ੍ਰਦਾਨ ਕਰੇਗੀ। ਇੱਥੋਂ ਤੱਕ ਕਿ ਪੀਜੀਆਈ ਵਿੱਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜ਼ੇਟਿਵ ਪੰਜਾਬ ਦੇ ਮਰੀਜ਼ਾਂ ਨੂੰ ਵੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਸ ਸਬੰਧੀ ਪੀਜੀਆਈ ਵਿੱਚ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਲੋੜੀਂਦੀ ਦਵਾਈਆਂ ਦਾ ਭੰਡਾਰ ਸੌਂਪਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਐੱਚਆਈਵੀ ਤੋਂ ਸੰਕਰਮਿਤ ਸਾਰੇ ਮਰੀਜ਼, ਓਐਸਟੀ ਸੈਂਟਰਾਂ ਵਿੱਚ ਇਲਾਜ ਅਧੀਨ ਵਿਅਕਤੀਆਂ ਅਤੇ ਸਾਰੀਆਂ ਗਰਭਵਤੀ ਅੌਰਤਾਂ ਨੂੰ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਕਿਸੇ ਵੀ ਰੈਪਿਡ ਟੈਸਟ ਪਾਜ਼ੇਟਿਵ ਤੋਂ ਬਾਅਦ ਮੁਫ਼ਤ ਵਾਇਰਲ ਲੋਡ ਟੈਸਟ ਹੋਵੇਗਾ। ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦਾ ਇਲਾਜ ਕਰਨ ਵਾਲੇ ਪੰਜਾਬ ਦੇ ਸਾਰੇ ਮੈਡੀਕਲ ਮਾਹਰਾਂ ਅਤੇ ਡਾਕਟਰਾਂ ਨੂੰ ਡਾ. ਵਰਿੰਦਰ ਸਿੰਘ ਪ੍ਰੋਫੈਸਰ ਅਤੇ ਹੈਡ ਹੈਪੇਟੋਲੋਜੀ ਵਿਭਾਗ ਪੀਜੀਆਈ ਵੱਲੋਂ ਸਿਖਲਾਈ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਹੋਰ ਸਿਖਲਾਈ ਦਿੱਤੀ ਜਾਵੇਗੀ।
ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਸਬੰਧੀ ਪੁੱਛੇ ਜਾਣ ’ਤੇ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਬੈੱਡ ਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਹਸਪਤਾਲਾਂ ਵਿੱਚ ਪੀਐਸਏ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਨਿਰੰਤਰ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 620 ਨਵੇਂ ਮੈਡੀਕਲ ਅਫ਼ਸਰਾਂ ਦੀ ਭਰਤੀ ਪ੍ਰਗਤੀ ਅਧੀਨ ਹੈ। ਇਸ ਦੇ ਨਾਲ ਹੀ ਕੋਵਿਡ ਟੀਕਾਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 61 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਅਤੇ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਲਗਭਗ ਪੰਜ ਸਾਲ ਪਹਿਲਾਂ ਹੈਪੇਟਾਈਟਸ ਸੀ ਦਾ ਮੁਫ਼ਤ ਟੈਸਟ ਅਤੇ ਇਲਾਜ ਸ਼ੁਰੂ ਕੀਤਾ ਸੀ। ਹੈਪੇਟਾਈਟਸ ਸੀ ਦੇ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 66 ਕਰ ਦਿੱਤੀ ਗਈ ਹੈ। ਹੁਣ ਤੱਕ ਪੰਜਾਬ ਵਿੱਚ ਤਕਰੀਬਨ 96 ਹਜ਼ਾਰ ਮਰੀਜ਼ਾਂ ਦਾ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਕੋਵਿਡ ਮਹਾਮਾਰੀ ਦੌਰਾਨ ਵੀ ਹੈਪੇਟਾਈਟਸ ਸੀ ਦਾ ਇਲਾਜ ਜਾਰੀ ਰੱਖਿਆ ਗਿਆ। ਪਿਛਲੇ ਸਾਲ 12000 ਮਰੀਜ਼ਾਂ ਦਾ ਹੈਪੇਟਾਈਟਸ ਸੀ ਦਾ ਇਲਾਜ ਕੀਤਾ ਗਿਆ ਅਤੇ ਇਸ ਵਰ੍ਹੇ 31 ਮਈ 2021 ਤੱਕ 4900 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…