
ਗਿਆਨ ਜਯੋਤੀ ਇੰਸਟੀਚਿਊਟ ਵਿੱਚ ‘ਹਾਸਤਾ ਲਾ ਵਿਸਟਾ’ ਬੈਨਰ ਹੇਠ ਫਰੈਸ਼ਰ ਤੇ ਵਿਦਾਇਗੀ ਪਾਰਟੀ
ਨਬਜ਼-ਏ-ਪੰਜਾਬ, ਮੁਹਾਲੀ, 19 ਅਪਰੈਲ:
ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ‘ਹਾਸਤਾ ਲਾ ਵਿਸਟਾ’ ਬੈਨਰ ਹੇਠ ਕੈਂਪਸ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕਰਦੇ ਹੋਏ ਅਤੇ ਡਿਗਰੀ ਪੂਰੀ ਕਰਕੇ ਵਿਦਾ ਹੋ ਰਹੇ ਬੈਚ ਨੂੰ ਵਿਦਾਇਗੀ ਦੇਣ ਦੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨਾਲ ਅਣਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ।
ਡਾਇਰੈਕਟਰ ਡਾ. ਅਨੀਤ ਬੇਦੀ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਨੂੰ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਸਦਾ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਚੇਅਰਮੈਨ ਬੇਦੀ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਕਾਰਪੋਰੇਟ ਸੈਕਟਰ ਵਿਚ ਅੱਗੇ ਵਧਣ ਦੇ ਬਹੁਤ ਅਵਸਰ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਡਾਂਸ ਪੇਸ਼ ਕਰਕੇ ਵੱਖ-ਵੱਖ ਸਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ। ਜਦਕਿ ਮੁੱਖ ਖਿੱਚ ਦਾ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ। ਇਸ ਦੌਰਾਨ ਪ੍ਰਤੀਯੋਗੀਆਂ ਨੇ ਰੈਂਪ ਤੇ ਆਪਣੇ ਜਲਵੇ ਦਿਖਾਏ, ਜਦਕਿ ਪ੍ਰਸ਼ਨ ਉੱਤਰਾਂ ਦੇ ਦੌਰ ਵਿੱਚ ਪ੍ਰਤੀਯੋਗੀਆਂ ਦੀ ਬੁੱਧੀ ਦੀ ਪਰਖ ਕੀਤੀ ਗਈ। ਇਸ ਦੇ ਨਾਲ ਹੀ ਬਿਹਤਰੀਨ ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਬਿਹਤਰੀਨ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੀ ਗਿਆ।

ਅੰਤ ਵਿੱਚ ਅੰਡਰ ਗਰੈਜੂਏਟ ਕੋਰਸ ਵਿਚ ਤਨਮੇ ਭਾਰਦਵਾਜ ਨੂੰ ਮਿਸਟਰ ਗਿਆਨ ਜਯੋਤੀ ਅਤੇ ਪੋਸਟ ਗਰੈਜੂਏਟ ਵਿਚ ਐਡਮੰਡ ਅਸਾਂਟੇ ਨੂੰ ਮਿਸਟਰ ਗਿਆਨ ਜਯੋਤੀ ਨੂੰ ਚੁਣਿਆ ਗਿਆ।
ਇਸੇ ਤਰ੍ਹਾਂ ਨੂੰ ਅੰਡਰ ਗ੍ਰੈਜੂਏਟ ਤੋਂ ਮਿਸ ਗਿਆਨ ਜਯੋਤੀ ਆਂਚਲ ਮਿਸ਼ਰਾ ਅਤੇ ਪੋਸਟ ਗਰੈਜੂਏਟ ਵਿਚ ਮਿਸ ਗਿਆਨ ਜੋਤੀ ਕਿਰਨਜੋਤ ਕੌਰ ਨੂੰ ਚੁਣਿਆ ਗਿਆ। ਜਦਕਿ ਮਿਸਟਰ ਹੈਂਡਸਮ ਨਿਖਿਲ ਰਾਜਪੂਤ ਅਤੇ ਮਿਸ ਐਲੀਗੈਂਟ ਹਰਸ਼ਦੀਪ ਕੌਰ ਬਣੇ। ਚੇਅਰਮੈਨ ਬੇਦੀ ਨੇ ਗ੍ਰੈਜੂਏਟ ਹੋਏ ਸੀਨੀਅਰ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਆਉਣ ਵਾਲੇ ਬੈਚਾਂ ਦਾ ਨਿੱਘਾ ਸੁਆਗਤ ਕੀਤਾ।