
ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਮੁਅੱਤਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ, ਐਸਸੀਓ ਨੰਬਰ-79, ਤੀਜੀ ਮੰਜ਼ਲ, ਫੇਜ਼-2, ਮੁਹਾਲੀ ਨੂੰ ਕੰਸਲਟੈਂਸੀ, ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਨੂੰ ਕੰਸਲਟੈਂਸੀ, ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 23 ਜੁਲਾਈ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੈਂਸੀ ਦੇ ਦਫ਼ਤਰੀ ਪਤੇ ’ਤੇ ਪੱਤਰ ਭੇਜਦੇ ਹੋਏ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਸਰਵਿਸ ਬਾਰੇ ਡਿਟੇਲ ਰਿਪੋਰਟ ਮੰਗੀ ਗਈ ਸੀ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਕੰਪਨੀ ਵੱਲੋਂ ਆਪਣੇ ਜਵਾਬ ਵਿੱਚ ਭੇਜੀ ਕਲਾਇੰਟ ਰਿਪੋਰਟ ਵਿੱਚ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਸਬੰਧੀ ਕੋਈ ਵੀ ਵੇਰਵਾ, ਭਾਵ ਕਲਾਇੰਟ ਡਿਟੇਲ, ਉਸ ਵਿਦਿਆਰਥੀ ਨੇ ਕੰਪਨੀ ਪਾਸ ਕਿਸ ਕੰਮ ਲਈ ਪਹੁੰਚ ਕੀਤੀ ਸੀ ਅਤੇ ਕੰਪਨੀ ਨੇ ਕਲਾਇੰਟ ਪਾਸੋਂ ਕਿੰਨੀ ਫੀਸ ਲਈ ਸੀ, ਬਾਰੇ ਕੋਈ ਵੇਰਵਾ ਰਿਪੋਰਟਾਂ ਵਿੱਚ ਦਰਜ ਨਹੀਂ ਹੈ। ਇਸ ਸਬੰਧੀ ਕੰਪਨੀ ਦੇ ਡਾਇਰੈਕਟਰਾਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਦਾ ਮੌਕਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਖਰੜ ਨੇ ਨੋਟਿਸ ਸਬੰਧੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਜਲਵਾਯੂ ਟਾਵਰ ਬਲਾਕ-ਐਨ ਮਕਾਨ ਨੰਬਰ 103 ’ਤੇ ਜਾ ਕੇ ਹਰਪ੍ਰੀਤ ਨਿਝਰ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਇਸ ਜਗ੍ਹਾ ’ਤੇ ਨਹੀਂ ਰਹਿੰਦੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਿਸ ਕਾਰਨ ਉਕਤ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।