ਫਰੰਟ ਲਾਈਨ ਸਿਹਤ ਕਾਮਿਆਂ ਨੇ ਮੰਗਾਂ ਸਬੰਧੀ ਸਰਕਾਰੀ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਹਤ ਵਿਭਾਗ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਸਬੰਧੀ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਦੇ ਬਾਹਰ ਹੜਤਾਲ ਦੌਰਾਨ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਰਵਿੰਦਰ ਭਾਟੀਆ, ਮਨੀਸ਼ਾ, ਰਾਜ ਕੁਮਾਰ, ਆਸ਼ੂ ਰਾਣੀ, ਮਿੰਟੂ ਰਾਮ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਾਥੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕਰੋਨਾਵਾਇਰਸ ਖ਼ਿਲਾਫ਼ ਫਰੰਟ ਲਾਈਨ ’ਤੇ ਲੜਾਈ ਲੜ ਰਹੇ ਹਨ ਪ੍ਰੰਤੂ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਇਨਕਾਰੀ ਹੈ। ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਐਚਆਈਵੀ ਬਚਾਅ, ਟੈਸਟਿੰਗ, ਇਲਾਜ ਅਤੇ ਨਸ਼ੇ ਦੇ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਕਰ ਰਹੇ ਹਨ ਅਤੇ ਹੁਣ ਕੋਵਿਡ-19 ਖ਼ਿਲਾਫ਼ ਫਰੰਟ ਲਾਈਨ ’ਤੇ ਦਿਨ ਰਾਤ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਿਰਫ਼ ਐਨਐਚਐਮ ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 18 ਫੀਸਦੀ ਵਾਧਾ ਕਰਕੇ ਉਨ੍ਹਾਂ ਨਾਲ ਕਾਣੀ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਸਿਹਤ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਰਾਜ ਏਡਜ਼ ਕੰਟਰੋਲ ਐਂਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਬੈਨਰ ਥੱਲੇ ਅੱਜ ਸਿਹਤ ਕਾਮਿਆਂ ਨੇ ਆਪਣਾ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਰੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ। ਰੋਸ ਪ੍ਰਦਰਸ਼ਨ ਦੌਰਾਨ ਸਿਹਤ ਕਾਮਿਆਂ ਨੇ ਨੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪ ਕੇ ਉਨ੍ਹਾਂ ਨੂੰ ਫੌਰੀ ਤੌਰ ’ਤੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਹੈ। ਸਿਵਲ ਸਰਜਨ ਨੇ ਸਿਹਤ ਕਾਮਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…