ਪੰਜਾਬ ਦੇ 12 ਹਜ਼ਾਰ ਸਕੂਲਾਂ ਤੇ ਹੋਰਨਾਂ ਥਾਵਾਂ ’ਤੇ 1.25 ਲੱਖ ਫਲਦਾਰ ਬੂਟੇ ਲਾਏ: ਫੌਜਾ ਸਿੰਘ

ਹਰਿਆ-ਭਰਿਆ ਪੰਜਾਬ: ਸੂਬੇ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਮੁਹਾਲੀ ਤੋਂ ਆਇਆ ਰਸਮੀ ਆਗਾਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਅਤੇ ਹਰੇਕ ਬੱਚੇ ਤੱਕ ਫਲ ਪਹੁੰਚਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸੂਬੇ ਭਰ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦਾ ਰਸਮੀ ਆਗਾਜ਼ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਅੱਜ ਬਾਗਬਾਨੀ ਵਿਭਾਗ, ਪੰਜਾਬ ਖੇਤੀ ਭਵਨ, ਮੁਹਾਲੀ ਤੋਂ ਇੱਕ ਅੰਬ ਦਾ ਬੂਟਾ ਲਗਾ ਕੇ ਕੀਤਾ।
ਇਸ ਮੌਕੇ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ, ਬਾਗਬਾਨੀ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਸਕੱਤਰ ਗਗਨਦੀਪ ਸਿੰਘ ਬਰਾੜ ਨੇ ਅਮਰੂਦ ਦੇ ਬੂਟੇ ਲਾਏ ਜਦੋਂਕਿ ਡਾਇਰੈਕਟਰ ਬਾਗਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਆਂਵਲੇ ਦੇ ਬੂਟੇ ਲਗਾਏ ਗਏ। ਇਸ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਫਲਦਾਰ ਬੂਟੇ ਲਗਾਏ ਗਏ।
ਇਸ ਮੌਕੇ ਬੋਲਦਿਆਂ ਫ਼ੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਲਗਪਗ 12000 ਸਕੂਲਾਂ ਅਤੇ ਜਨਤਕ ਥਾਵਾਂ ’ਤੇ ਅੰਬ, ਜਾਮਣ, ਢੇਊ, ਆਂਵਲਾ, ਅਮਰੂਦ, ਪਪੀਤਾ, ਬਿੱਲ ਆਦਿ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਦਿਨ ਵਿੱਚ 1.25 ਲੱਖ ਫਲਦਾਰ ਬੂਟੇ ਲਗਾ ਕੇ ਲਗਪਗ 1000 ਏਕੜ ਵਿੱਚ ਪਲਾਂਟੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ ਫਲਦਾਰ ਬੂਟੇ ਲਗਾਉਣਾ ਅਤਿ ਜ਼ਰੂਰੀ ਹਨ, ਕਿਉਂਕਿ ਪੰਜਾਬ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਚੁੱਕਾ ਹੈ। ਫਸਲੀ ਵਿਭਿੰਨਤਾ ਲਈ ਸਭ ਤੋਂ ਵਧੀਆ ਵਿਕਲਪ ਫਲਦਾਰ ਬੂਟੇ ਲਗਾਉਣਾ ਹੈ, ਜਿਸ ਨਾਲ ਨਾ ਕੇਵਲ ਪਾਣੀ ਦੀ ਬੱਚਤ ਹੋਵੇਗੀ, ਬਲਕਿ ਧਰਤੀ ਦੀ ਉਪਜਾਊ ਸ਼ਕਤੀ ਵੀ ਵਧੇਗੀ। ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਲਗਪਗ 10 ਲੱਖ ਏਕੜ ਰਕਬੇ ਵਿੱਚ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਡੀਜੀਐਸਈ ਪਰਦੀਪ ਅਗਰਵਾਲ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਵੀ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 2.31 ਲੱਖ ਏਕੜ ਰਕਬੇ ਵਿੱਚ ਕਿੰਨੂ, ਲੀਚੀ, ਨਾਖ, ਅਮਰੂਦ, ਜਾਮਣ, ਬਿੱਲ ਆਦਿ ਫਲਾਂ ਦੇ ਬਾਗ ਲੱਗੇ ਹੋਏ ਹਨ, ਜਿਨ੍ਹਾਂ ਤੋਂ 202.71 ਲੱਖ ਕੁਇੰਟਲ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ 7.54 ਲੱਖ ਏਕੜ ਰਕਬੇ ਵਿੱਚ ਆਲੂ, ਫੁੱਲਗੋਭੀ, ਗਾਜਰ, ਮਟਰ, ਘੀਆ, ਟਮਾਟਰ, ਕੱਦੂ ਕਰੇਲੇ, ਬੈਂਗਣ ਆਦਿ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ, ਜਿਸ ਤੋਂ 610.95 ਲੱਖ ਕੁਇੰਟਲ ਦੀ ਪੈਦਾਵਾਰ ਹੁੰਦੀ ਹੈ। ਪੰਜਾਬ ਵਿੱਚ 126.76 ਹਜ਼ਾਰ ਕੁਇੰਟਲ ਖੁੰਬਾਂ ਦੀ ਪੈਦਾਵਾਰ ਵੀ ਹੁੰਦੀ ਹੈ। ਪੰਜਾਬ ਵਿੱਚ ਭਾਰਤ ਦਾ 13.7 ਫੀਸਦੀ ਸ਼ਹਿਦ ਪੈਦਾ ਹੁੰਦਾ ਹੈ। ਇਸ ਸਾਲ ਬਾਗਬਾਨੀ ਵਿਭਾਗ ਵੱਲੋਂ 4.50 ਲੱਖ ਫਲਦਾਰ ਬੂਟੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਬੂਟੇ ਪੰਜਾਬ ਫਰੂਟ ਨਰਸਰੀ ਐਕਟ ਦੇ ਤਹਿਤ ਟਰੇਸੇਏਬਲ ਅਤੇ ਸਰਟੀਫਾਈਡ ਹੋਣਗੇ।

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਬੂਟਿਆਂ ਦੀ ਸਰਟੀਫਿਕੇਸ਼ਨ ਅਤੇ ਟਰੇਸੇਬਿਲਟੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਹੈ। ਇਸ ਸਾਲ 12500 ਏਕੜ ਰਕਬਾ ਫਸਲੀ ਵਿਭਿੰਨਤਾ ਅਧੀਨ ਲਿਆਂਦਾ ਜਾਵੇਗਾ। ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਨਾਲ ਬੱਚਿਆਂ ਨੂੰ ਨਾ ਕੇਵਲ ਸੰਤੁਲਿਤ ਖੁਰਾਕ ਮਿਲੇਗੀ ਬਲਕਿ ਇਨ੍ਹਾਂ ਬੂਟਿਆਂ ਨੂੰ ਸਾਂਭ-ਸੰਭਾਲ ਕਰਨ ਦੀ ਸਿੱਖਿਆ ਮਿਲੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …