nabaz-e-punjab.com

ਕੰਬਾਲਾ ਤੇ ਜਗਤਪੁਰਾ ’ਚੋਂ ਘਰੋਂ ਫਰਾਰ ਹੋਏ ਦੋ ਨੌਜਵਾਨ ਤੇ ਸਕੀਆਂ ਭੈਣਾਂ ਹਰਿਦੁਆਰ ਤੋਂ ਬਰਾਮਦ

ਮੁਹਾਲੀ ਅਦਾਲਤ ਨੇ ਮੁਲਜ਼ਮ ਨੌਜਵਾਨਾਂ ਨੂੰ ਲੁਧਿਆਣਾ ਜੇਲ੍ਹ ਅਤੇ ਕੁੜੀਆਂ ਨੂੰ ਨਾਰੀ ਨਿਕੇਤਨ ਜਲੰਧਰ ਭੇਜਿਆ

ਕਰਫਿਊ ਕਾਰਨ ਮੁਹਾਲੀ ਤੋਂ ਅੰਬਾਲਾ ਤੱਕ ਪੈਦਲ ਤੈਅ ਕੀਤਾ ਪੈਂਡਾ, ਅੰਬਾਲਾ ਤੋਂ ਟਰੱਕ ’ਚ ਚੜ੍ਹ ਕੇ ਹਰਿਦੁਆਰ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਬਾਲਾ ਅਤੇ ਜਗਤਪੁਰਾ ’ਚੋਂ 10 ਦਿਨ ਪਹਿਲਾਂ ਆਪਣੇ ਘਰਾਂ ’ਚੋਂ ਫਰਾਰ ਹੋਏ ਦੋ ਨੌਜਵਾਨਾਂ ਅਤੇ ਦੋ ਕੁੜੀਆਂ (ਦੋਵੇਂ ਸਕੀਆਂ ਭੈਣਾਂ) ਨੂੰ ਸੋਹਾਣਾ ਪੁਲੀਸ ਲੇ ਹਰਿਦੁਆਰ ਤੋਂ ਬਰਾਮਦ ਕਰ ਲਿਆ ਹੈ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਅਜੀਤ ਸਿੰਘ ਅਤੇ ਮਨੀਸ਼ ਕੁਮਾਰ ਦੇ ਖ਼ਿਲਾਫ਼ ਧਾਰਾ 363 ਅਤੇ 366 ਦੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੀ ਜਾਣਕਾਰੀ ਅਨੁਸਾਰ ਬੀਤੀ 22 ਅਪਰੈਲ ਨੂੰ ਉਕਤ ਨੌਜਵਾਨ ਅਤੇ ਕੁੜੀਆਂ ਆਪਸੀ ਰਜ਼ਾਮੰਦੀ ਨਾਲ ਆਪੋ ਆਪਣੇ ਘਰਾਂ ਤੋਂ ਫਰਾਰ ਹੋ ਗਏ ਸੀ। ਇਹ ਚਾਰੇ ਸਨਅਤੀ ਏਰੀਆ ਸਥਿਤ ਇਕ ਫੈਕਟਰੀ ਵਿੱਚ ਕੰਮ ਕਰਦੇ ਸੀ। ਉੱਥੇ ਉਨ੍ਹਾਂ ਦੀ ਆਪਸ ਵਿੱਚ ਮੁਲਾਕਾਤ ਹੋਈ ਅਤੇ ਗੱਲ ਪ੍ਰੇਮ ਪਿਆਰ ਅਤੇ ਵਿਆਹ ਤੱਕ ਪਹੁੰਚ ਗਈ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀਆਂ ਹਰਕਤਾਂ ਕਾਰਨ ਇਨ੍ਹਾਂ ਚਾਰਾਂ ਨੂੰ ਉਕਤ ਫੈਕਟਰੀ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ।
ਹਾਲਾਂਕਿ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਹੈ ਅਤੇ ਜੇਕਰ ਕਿਸੇ ਜ਼ਰੂਰੀ ਕੰਮ ਜਾਂ ਐਮਰਜੈਂਸੀ ਪੈਣ ’ਤੇ ਘਰੋਂ ਬਾਹਰ ਵੀ ਜਾਣਾ ਪੈਂਦਾ ਹੈ ਤਾਂ ਸਬੰਧਤ ਨੂੰ ਬਾਕਾਇਦਾ ਕਰਫਿਊ ਪਾਸ ਬਣਾਉਣ ਪੈਂਦਾ ਹੈ, ਪ੍ਰੰਤੂ ਇਸ ਸਭ ਦੇ ਬਾਵਜੂਦ ਉਕਤ ਨੌਜਵਾਨ ਅਤੇ ਕੁੜੀਆਂ ਆਪਣੇ ਘਰਾਂ ’ਚੋਂ ਫਰਾਰ ਹੋਣ ਵਿੱਚ ਸਫਲ ਹੋ ਗਏ।
ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਉਕਤ ਚਾਰਾਂ ਜਣਿਆਂ ਨੇ ਮੁਹਾਲੀ ਤੋਂ ਅੰਬਾਲਾ ਤੱਕ ਪੈਦਲ ਹੀ ਪੈਂਡਾ ਤੈਅ ਕੀਤਾ ਹੈ। ਅੰਬਾਲਾ ਤੋਂ ਉਹ ਇਕ ਟਰੱਕ ਵਿੱਚ ਸਵਾਰ ਹੋ ਕੇ ਅੱਗੇ ਲੰਘ ਗਏ ਅਤੇ ਹਰਿਦੁਆਰ ਪਹੁੰਚ ਗਏ। ਜਿੱਥੇ ਪੁਲੀਸ ਨਾਕੇ ’ਤੇ ਚੈਕਿੰਗ ਦੌਰਾਨ ਕਾਬੂ ਆ ਗਏ। ਮੁੱਢਲੀ ਪੁੱਛਗਿੱਛ ਤੋਂ ਬਾਅਦ ਹਰਿਦੁਆਰ ਪੁਲੀਸ ਨੇ ਸੋਹਾਣਾ ਪੁਲੀਸ ਨਾਲ ਤਾਲਮੇਲ ਕਰਕੇ ਘਰੋਂ ਫਰਾਰ ਹੋਏ ਨੌਜਵਾਨਾਂ ਅਤੇ ਕੁੜੀਆਂ ਬਾਰੇ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਸੋਹਾਣਾ ਪੁਲੀਸ ਦੀ ਟੀਮ ਨੇ ਉਕਤ ਚਾਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਆਪਣੀ ਮਰਜ਼ੀ ਨਾਲ ਘਰੋਂ ਭੱਜੇ ਸੀ। ਅੱਜ ਇਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੌਜਵਾਨਾਂ ਅਜੀਤ ਸਿੰਘ ਅਤੇ ਮਨੀਸ਼ ਕੁਮਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਲੁਧਿਆਣਾ ਜੇਲ੍ਹ ਭੇਜ ਦਿੱਤਾ ਜਦੋਂਕਿ ਦੋਵੇਂ ਭੈਣਾਂ ਨੂੰ ਨਾਰੀ ਨਿਕੇਤਨ ਜਲੰਧਰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਚਾਰਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…