
‘ਆਪ’ ਦੀ ਜਨ ਸੰਪਰਕ ਮੁਹਿੰਮ ਨੂੰ ਭਰਵਾਂ ਹੁੰਗਾਰਾ, ਦਰਜਨਾਂ ਵਿਅਕਤੀ ਆਪ’ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਆਗਾਜ਼, ਪਾਰਟੀ ਚੋਣ ਨਿਸ਼ਾਨ ’ਤੇ ਲੜੀ ਜਾਵੇਗੀ ਚੋਣ
ਸ਼ਹਿਰਾਂ ਦੀ ਗੰਦਗੀ ਦੇ ਨਾਲ-ਨਾਲ ਗੰਧਲੀ ਰਾਜਨੀਤੀ ਦਾ ਵੀ ਕਰਾਂਗੇ ਸਫ਼ਾਇਆ: ਆਪ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਆਮ ਆਦਮੀ ਪਾਰਟੀ (ਆਪ) ਦੀ ਜਨ ਸੰਪਰਕ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਦਰਜਨਾਂ ਵਿਅਕਤੀਆਂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਪੰਜਾਬ ਪੁਲੀਸ ਦੇ ਹਾਲ ਹੀ ਵਿੱਚ ਸੇਵਾਮੁਕਤ ਹੋਏ ਇੰਸਪੈਕਟਰ ਗੁਰਿੰਦਰ ਸਿੰਘ ਕੈਰੋਂ, ਡਾਇਰੈਕਟਰ ਪ੍ਰੋਡਿਊਸਰ ਐਸਐਸ ਬਾਦਲ ਘਵੱਦੀ, ਸੋਸ਼ਲ ਵਰਕਰ ਮਨਦੀਪ ਕੌਰ ਚੌਹਾਨ, ਸੁਰੇਸ਼ ਕੁਮਾਰ, ਰਾਣੀ ਸਰਵਨ, ਮਨਪ੍ਰੀਤ ਸਿੰਘ, ਪਰਮਜੀਤ ਕੌਰ ਸਮੇਤ ਹੋਰਨਾਂ ਵਿਅਕਤੀਆਂ ਨੇ ਅੱਜ ਆਪਣੇ ਹੱਥ ਵਿੱਚ ਝਾੜੂ ਫੜ ਕੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਰਸਮੀ ਆਗਾਜ਼ ਕੀਤਾ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਰਾਜਲਾਲੀ ਗਿੱਲ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਸੀਨੀਅਰ ਆਗੂ ਵਿਨੀਤ ਵਰਮਾ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੀਆਂ ਜਾਣਗੀਆਂ ਅਤੇ ਇਸ ਸਬੰਧੀ ਆਪ ਵਲੰਟੀਅਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਨਿਗਮ ਚੋਣਾਂ ਲਈ ਕਈ ਸੰਭਾਵੀ ਉਮੀਦਵਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜੋ ਪੂਰੀ ਤਰ੍ਹਾਂ ਚੋਣ ਪ੍ਰਚਾਰ ਵਿੱਚ ਜੁੱਟ ਗਏ ਹਨ ਅਤੇ ਹਾਈ ਕਮਾਂਡ ਦੀ ਸਹਿਮਤੀ ਨਾਲ ਬਾਕੀ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਜਲਦੀ ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।
ਆਪ ਲੀਡਰਸ਼ਿਪ ਨੇ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਅਤੇ ਬਦਲਾਅ ਦੇ ਲਈ ਲੋਕਾਂ ਕੋਲ ਇਹ ਸੁਨਹਿਰੀ ਮੌਕਾ ਹੈ ਅਤੇ ਐਤਕੀਂ ਗੁੰਮਰਾਹ ਹੋਣ ਦੀ ਬਜਾਏ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਹਾਊਸ ਵਿੱਚ ਭੇਜਿਆ ਜਾਵੇ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦਬਾਅ ਤੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਨਿਰਪੱਖ ਚੋਣਾਂ ਦਾ ਅਮਲ ਨੇਪਰੇ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਦੌਰਾਨ ਸ਼ਹਿਰਾਂ ਦੀ ਗੰਦਗੀ ਦੇ ਨਾਲ-ਨਾਲ ਗੰਧਲੀ ਰਾਜਨੀਤੀ ਦਾ ਵੀ ਸਫ਼ਾਇਆ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਜਗਦੇਵ ਸਿੰਘ ਮਲੋਆ, ਹਰਜੀਤ ਸਿੰਘ ਬੰਟੀ, ਐਡਵੋਕੇਟ ਅਮਰਦੀਪ ਕੌਰ, ਸਾਬਕਾ ਬਲਾਕ ਪ੍ਰਧਾਨ ਪਰਮਜੀਤ ਸਿੰਘ ਸਵਾੜਾ, ਗੁਰਤੇਜ ਸਿੰਘ ਪੰਨੂ, ਗੁਰਮੇਜ ਸਿੰਘ ਕਾਹਲੋਂ, ਬੀਐਸ ਚਾਹਲ, ਦਿਨੇਸ਼ ਕੁਮਾਰ, ਅਜੀਤ ਪਾਲ ਸਿੰਘ, ਨਵਜੋਤ ਸੈਣੀ, ਸਵਰਨ ਕੌਰ, ਸਰਕਲ ਪ੍ਰਧਾਨ ਪ੍ਰਿੰਸ ਧਾਲੀਵਾਲ, ਦਵਿੰਦਰ ਸਿੰਘ ਚੌਹਾਨ, ਜਸਪਾਲ ਸਿੰਘ, ਸਮੇਤ ਹੋਰ ਆਗੂ ਹਾਜ਼ਰ ਸਨ।