ਕੈਨੇਡਾ ਜਾਣ ਵਾਲਿਆਂ ਦੀ ਬਾਇਓ-ਮੈਟ੍ਰਿਕਸ ਕਰਵਾਉਣ ਦੇ ਨਾਂ ’ਤੇ ਹੁੰਦੀ ਲੁੱਟ ਹੋਈ ਬੰਦ: ਦਾਊਂ

ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੈਨੇਡਾ ਸਰਕਾਰ ਨੂੰ ਚਿੱਠੀ ਲਿਖਣ ਦਾ ਹੋਇਆ ਅਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਜਾਣ ਵਾਲਿਆਂ ਦੀ ਬਾਇਓ-ਮੈਟ੍ਰਿਕਸ ਕਰਵਾਉਣ ਦੇ ਨਾਂ ’ਤੇ ਧੜੱਲੇ ਨਾਲ ਹੁੰਦੀ ਲੁੱਟ ਹੁਣ ਬੰਦ ਹੋ ਗਈ ਹੈ। ਇਸ ਗੱਲ ਖੁਲਾਸਾ ਮੀਡੀਆ ਸੈਂਟਰ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਤਨਾਮ ਦਾਊਂ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ ਜਾਣ ਦੇ ਪ੍ਰੋਸੈਸ ਵਿੱਚ ਇੱਕ ਕੜੀ ਬਾਇਓ ਮੈਟ੍ਰਿਕਸ ਦੀ ਵੀ ਹੁੰਦੀ ਹੈ। ਜਿਸ ਵਿੱਚ ਐੱਬੇਸੀ ਵੱਲੋਂ ਬਾਇਓ-ਮੈਟ੍ਰਿਕ ਕਰਵਾਉਣ ਲਈ ਪਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਸੀ। ਇਸ ਲਈ ਅੰਬੈਂਸੀ ਨੂੰ ਈ-ਮੇਲ ਭੇਜ ਕੇ ਬਾਇਓ-ਮੈਟ੍ਰਿਕ ਕਰਵਾਉਣ ਲਈ ਤਰੀਕ ਲਈ ਜਾਂਦੀ ਸੀ, ਜੋ ਕਿ 10-15 ਦਿਨਾਂ ਦੇ ਵਕਫੇ ਦੀ ਹੁੰਦੀ ਸੀ।
ਸ੍ਰੀ ਦਾਊਂ ਨੇ ਦੋਸ਼ ਲਾਇਆ ਕਿ ਇਸ ਕਾਰਵਾਈ ਦਾ ਲਾਹਾ ਲੈ ਕੇ ਪੰਜਾਬ ਦੇ ਇਮੀਗਰੇਸ਼ਨ ਏਜੰਟਾਂ ਨੇ ਨਾਜਾਇਜ਼ ਢੰਗ ਤਰੀਕੇ ਨਾਲ ਮਿਲੀਭੁਗਤ ਅਤੇ ਚੋਰ ਮੋਰੀਆਂ ਰਾਹੀਂ ਕੈਨੇਡਾ ਜਾਣ ਦੇ ਚਾਹਵਾਨਾਂ ਕੋਲੋਂ ਬਾਇਓ-ਮੈਟ੍ਰਿਕਸ ਕਰਵਾਉਣ ਦੇ ਨਾਂ ਤੇ ਪਹਿਲਾਂ ਜਾਅਲੀ ਤਰੀਕੇ ਨਾਲ ਮੇਲਾਂ ਭੇਜ ਕੇ ਤਰੀਕਾਂ ਬੁੱਕ ਕਰ ਲਈਆ ਜਾਂਦੀਆਂ ਸਨ ਅਤੇ ਜਦੋੱ ਕਿਸੇ ਨੂੰ ਬਾਇਓ-ਮੈਟ੍ਰਿਕਸ ਕਰਵਾਉਣ ਲਈ ਤਰੀਕ ਨਹੀਂ ਮਿਲਦੀ ਸੀ ਤਾਂ ਏਜੰਟ 15 ਤੋਂ 50 ਹਜ਼ਾਰ ਰੁਪਏ ਲੈ ਕੇ ਉਸ ਮੇਲ ਰਾਹੀਂ ਬੁੱਕ ਕੀਤੀ ਹੋਈ ਤਰੀਕ ਗ੍ਰਾਹਕ ਨੂੰ ਉਪਲਬਧ ਕਰਵਾ ਦਿੰਦੇ ਸਨ ਤਾਂ ਕਿ ਚਾਹਵਾਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਸਕੇ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਹ ਘਪਲਾ ਪੰਜਾਬ ਤੋਂ ਚੰਡੀਗੜ੍ਹ, ਫਿਰ ਦਿੱਲੀ, ਮੁੰਬਈ, ਹੈਦਰਾਬਾਦ ਆਦਿ ਤੋਂ ਹੁੰਦਾ ਹੋਇਆ ਪੂਰੇ ਭਾਰਤ ਵਿੱਚ ਫੈਲ ਗਿਆ ਅਤੇ ਏਜੰਟਾਂ ਨੇ ਦੇਖਾ-ਦੇਖੀ ਹੋਰ ਲੋਕਾਂ ਦੇ ਪਾਸਪੋਰਟ ਨੰਬਰ ਦੇ ਕੇ ਅੰਬੈਸੀ ਦੀਆਂ ਛੇ ਮਹੀਨੇ ਤੱਕ ਦੀਆਂ ਬਾਇਓਮੈਟ੍ਰਿਕਸ ਦੀਆਂ ਤਰੀਕਾਂ ਪਹਿਲਾਂ ਹੀ ਜਾਅਲੀ ਤਰੀਕੇ ਨਾਲ ਬੁੱਕ ਕਰਵਾ ਲਈਆਂ ਅਤੇ ਲੋੜਵੰਦ ਨੂੰ ਛੇ ਮਹੀਨੇ ਤੱਕ ਤਰੀਕ ਨਹੀਂ ਮਿਲਦੀ ਸੀ ਤਾਂ ਕੁਝ ਲੋਕਾਂ ਨੂੰ ਨੇਪਾਲ ਜਾਂ ਹੋਰ ਨਜ਼ਦੀਕੀ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ ਅਤੇ ਬਹੁਤੇ ਏਜੰਟਾਂ ਨੇ ਆਪਣੇ ਸੂਤਰਾਂ ਰਾਹੀਂ 15 ਹਜ਼ਾਰ ਤੋਂ 50 ਹਜ਼ਾਰ ਰੁਪਇਆ ਵਾਧੂ ਲੈ ਕੇ ਪਹਿਲਾਂ ਬੁੱਕ ਕੀਤੀਆਂ ਜਾਅਲੀ ਅਪਾਇੰਟਮੈਂਟਾਂ ਵਿੱਚ ਬਦਲਾਅ ਕਰਕੇ ਲੋੜਵੰਦ ਲੋਕਾਂ ਦੀ ਬਾਇਓਮੇਟੀਕਸ ਕਰਵਾ ਦਿੱਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਸਾਰੇ ਘਪਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਦੀ ਸੰਸਥਾ ਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੀ ਵੱਡੀ ਸਮਾਜ ਸੇਵੀ ਸੰਸਥਾ ਵੱਲੋਂ ਕੈਨੇਡਾ ਆਉਣ ਲਈ ਸੱਦਾ ਪੱਤਰ ਭੇਜਿਆ ਗਿਆ। ਜਿਸ ਕਾਰਨ ਉਨ੍ਹਾਂ ਵੱਲੋਂ ਅਤੇ ਹੋਰ ਮੈਂਬਰਾਂ ਵੱਲੋਂ ਜਦੋਂ ਵੀਜ਼ੇ ਸਬੰਧੀ ਪ੍ਰੋਸੈਸ ਜਾਣਨ ਲਈ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਇਸ ਸਾਰੇ ਘਪਲੇ ਦਾ ਪਤਾ ਲੱਗਾ। ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਨੇ ਫੈਸਲਾ ਕੀਤਾ ਕਿ ਕਿਉਂਕਿ ਉਹ ਪਹਿਲਾਂ ਹੀ ਰਿਸ਼ਵਤਖੋਰੀ ਅਤੇ ਕੁਰੱਪਸ਼ਨ ਦੇ ਖ਼ਿਲਾਫ਼ ਕੰਮ ਕਰਦੇ ਹਨ ਇਸ ਲਈ ਇਸ ਤਰੀਕੇ ਨਾਲ ਘਪਲੇਬਾਜੀ ਕਰਕੇ ਉਹ ਕੈਨੇਡਾ ਨਹੀਂ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਘਪਲੇ ਦੀ ਪੂਰੀ ਜਾਣਕਾਰੀ ਇਕੱਠੀ ਕਰ ਕੇ ਅਤੇ ਏਜੰਟਾਂ ਦੀ ਰਿਕਾਰਡਿੰਗ ਕਰਕੇ ਬੀਤੀ 20 ਨਵੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਡੀਅਨ ਕੌਂਸੂਲੇਟ ਸੇਨ ਫਰੇਜ਼ਰ, ਮਿਨਿਸਟਰ ਆਫ਼ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜਨਸ਼ਿੱਪਡਿਪਾਰਟਮੈਂਟ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਮੰਗ ਕੀਤੀ ਕਿ ਕੈਨੇਡਾ ਸਰਕਾਰ ਨੂੰ ਇਸ ਘਪਲੇਬਾਜ਼ੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਘਪਲੇਬਾਜੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਕੈਨੇਡਾ ਸਰਕਾਰ ਦੀ ਬਦਨਾਮੀ ਨਾ ਹੋਵੇ ਅਤੇ ਲੋਕ ਜਾਇਜ਼ ਤਰੀਕੇ ਨਾਲ ਸਾਫ਼ ਸੁਥਰੇ ਤਰੀਕੇ ਨਾਲ ਕੈਨੇਡਾ ਪਹੁੰਚਣ।
ਉਨ੍ਹਾਂ ਦੀ ਸ਼ਿਕਾਇਤ ਤੋਂ ਦੋ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦੇ ਮੈਨੇਜਰ ਜੇਪੀ ਵੈਕਹੋਨ ਵੱਲੋਂ ਉਨ੍ਹਾਂ ਨੂੰ ਜਵਾਬੀ ਪੱਤਰ ਰਾਂਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਦੋ ਤਿੰਨ ਹਫ਼ਤਿਆਂ ਵਿੱਚ ਹੀ ਕੈਨੇਡੀਅਨ ਸਰਕਾਰ ਵੱਲੋੱ ਇਸ ਘਪਲੇਬਾਜ਼ੀ ਨੂੰ ਨੱਥ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਸ ਸਾਰੇ ਘਪਲੇ ਲਈ ਅੰਦਰੂਨੀ ਤੌਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ ਬਾਇਓ-ਮੈਟਰਿਕਸ ਲੈਣ ਦਾ ਢੰਗ ਬਦਲ ਲਿਆ ਹੈ, ਜਿਸ ਕਾਰਨ ਪਹਿਲਾਂ ਅੰਬੈਸੀ ਵਿੱਚ ਸਾਰੀ ਫਾਰਮੈਲਟੀਜ਼ ਅਤੇ ਪੇਪਰ ਜਮ੍ਹਾ ਹੋਣ ਤੋਂ ਬਾਅਦ ਬਾਇਓ-ਮੈਟ੍ਰਿਕਸ ਕਰਵਾਉਣ ਲਈ ਪੱਤਰ ਜਾਰੀ ਹੁੰਦਾ ਹੈ ਉਸ ਪੱਤਰ ਤੇ ਅਮਲ ਕਰਦਿਆਂ ਕੁਝ ਦਿਨਾਂ ਵਿੱਚ ਹੀ ਬਗੈਰ ਕਿਸੇ ਏਜੰਟ ਤੋਂ ਬਾਇਓ-ਮੈਟ੍ਰਿਕਸ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਏਜੰਟਾਂ ਵੱਲੋਂ ਪੂਰੇ ਭਾਰਤ ਵਿੱਚ ਫੈਲਾਈ ਇਹ ਲੁੱਟ ਹੁਣ ਬੰਦ ਹੋ ਚੁੱਕੀ ਹੈ, ਜਿਸ ਕਾਰਨ ਕਿਸੇ ਵੀ ਭਾਰਤੀ ਅਤੇ ਪੰਜਾਬੀ ਨੂੰ ਬਾਇਓ-ਮੈਟ੍ਰਿਕਸ ਤਰੀਕਾਂ ਲੈਣ ਲਈ ਏਜੰਟਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਅਤੇ ਜਿਨ੍ਹਾਂ ਲੋਕਾਂ ਨੇ ਅਜਿਹੇ ਪੈਸੇ ਪਹਿਲਾਂ ਹੀ ਏਜੰਟਾਂ ਨੂੰ ਦਿੱਤੇ ਹੋਏ ਹਨ ਉਹ ਆਪਣੇ ਪੈਸੇ ਵਾਪਸ ਲੈ ਲੈਣ ਅਤੇ ਇਸ ਸਬੰਧ ਵਿੱਚ ਏਜੰਟਾਂ ਦੇ ਚੁੰਗਲ ਵਿੱਚ ਨਾ ਫਸਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਟ ਪੈਸੇ ਵਾਪਿਸ ਕਰਨ ਤੋੱ ਆਨਾਕਾਨੀ ਕਰਦਾ ਹੈ ਜਾਂ ਗੁੰਮਰਾਹਕੁਨ ਜਾਣਕਾਰੀ ਦਿੰਦਾ ਹੈ ਤਾਂ ਤੁਰੰਤ ਪੁਲੀਸ ਅਤੇ ਕੈਨੇਡੀਅਨ ਅਥਾਰਟੀ ਨੂੰ ਸ਼ਿਕਾਇਤ ਕਰਨ ਅਤੇ ਲੋੜ ਪੈਣ ਤੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …