
ਕੰਡੀ ਏਰੀਆ ਦੇ ਵਿਕਾਸ ਲਈ ਜਲਦੀ ਹੀ ਫੰਡ ਮੁਹੱਈਆ ਕਰਵਾਏ ਜਾਣਗੇਾ: ਵਿਜੇ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਵਿਧਾਨ ਸਭਾ ਖਰੜ ਦੇ ਪਿੰਡਾਂ ਦਾ ਵਿਕਾਸ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਇਸ ਹਲਕੇ ਦੇ ਕੰਡੀ ਏਰੀਏ ਦੇ ਖੇਤਰ ਦੇ ਵਿਕਾਸ ਕਾਰਜ ਲਈ ਜਲਦੀ ਹੀ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ. ਨਗਰ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਹਫ਼ਤਾਵਾਰੀ ਰੱਖੀ ਮੀਟਿੰਗ ਦੌਰਾਨ ਪੰਚਾ, ਸਰਪੰਚਾਂ ਅਤੇ ਖਰੜ ਹਲਕੇ ਦੇ ਮੋਹਤਵਾਰ ਵਿਅਕਤੀਆਂ ਦੀਆਂ ਸਮਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਣ ਦੇਵਾਂਗੇ । ਮਾਨਯੋਗ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਤਰੱਕੀ ਵੱਲ ਵੱਧ ਰਿਹਾ ਹੈ।ਅੱਜ ਦੀ ਮੀਟਿੰਗ ਵਿੱਚ ਗਰਾਮ ਪੰਚਾਇਤ ਸਲਾਮਤਪੁਰ ਵੱਲੋਂ ਕਮਿਊਨਿਟੀ ਸੈਂਟਰ, ਟੋਬੇ ਦੀ ਸਫਾਈ ਅਤੇ ਚਾਰਦੀਵਾਰੀ, ਆਂਗਣਵਾੜੀ ਸੈਂਟਰ ਅਤੇ ਵੈਟਰਨਰੀ ਡਾਕਟਰ ਦੀ ਖਾਲੀ ਹੋਈ ਪੋਸਟ ਭਰਨ ਸਬੰਧੀ ਮੰਗ ਪੱਤਰ ਸੌਂਪਿਆ।
ਇਸੇ ਤਰ੍ਹਾਂ ਗ੍ਰਾਮ ਪੰਚਾਇਤ ਨਗਲੀਆਂ ਵੱਲੋਂ ਟੋਬੇ ਦੀ ਚਾਰਦੀਵਾਰੀ ਕਰਕੇ ਮੱਛੀ ਪਲਾਟ ਲਗਵਾਉਣ ਸਬੰਧੀ, ਪੰਜ ਕਨਾਲ ਅੱਠ ਮਰਲੇ ਜਗ੍ਹਾ ਵਿੱਚ ਸਿਹਤ ਸਬੰਧੀ ਸਹੂਲਤਾਂ ਲਈ ਹਸਪਤਾਲ ਬਣਾਉਣ ਸਬੰਧੀ ਫੰਡਜ਼ ਦੀ ਮੰਗ ਕੀਤੀ। ਪਿੰਡ ਸਹੌੜਾ ਦੇ ਯੂਥ ਕਲੱਬ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਸਮਾਨ ਦੀ ਮੰਗ ਕੀਤੀ। ਪਿੰਡ ਨਿਹੁਲਕਾ ਦੇ ਵਾਸੀਆਂ ਵੱਲੋਂ ਟੋਬੇ ਦੇ ਪਾਣੀ ਦੀ ਨਿਕਾਸੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਚੇਅਰਮੈਨ ਯੋਜਨਾ ਕਮੇਟੀ ਨੂੰ ਜਾਣੂ ਕਰਵਾਇਆ। ਮੀਟਿੰਗ ਦੌਰਾਨ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਉਪਰੋਕਤ ਮੰਗਾਂ ਨੂੰ ਸੁਣਨ ਉਪਰੰਤ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮਸਲਿਆਂ ਦਾ ਤੁਰੰਤ ਹਲ ਕਰਨ ਲਈ ਕਿਹਾ।
ਇਸ ਮੌਕੇ ਗੁਰਿੰਦਰਪਾਲ ਸਿੰਘ ਬਿੱਲਾ,ਵਾਈਸ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ, ਰਜਵੰਤ ਰਾਏ ਸ਼ਰਮਾ, ਮੈਂਬਰ ਗਊ ਸੇਵਾ ਕਮਿਸ਼ਨ ਪੰਜਾਬ, ਸੁਖਦੀਪ ਸਿੰਘ ਸਾਬਕਾ ਕਮਿਸ਼ਨਰ, ਰਣਜੀਤ ਸਿੰਘ ਸਰਪੰਚ ਨਗਲੀਆਂ, ਨਰਿੰਦਰ ਕੌਰ ਸਰਪੰਚ ਸਲਾਮਤਪੁਰ, ਹਰਿ ਓਮ ਕੌਸ਼ਲ, ਬਲਵਿੰਦਰ ਸਿੰਘ ਨਿਹੁਲਕਾ, ਸੁਖਪ੍ਰੀਤ ਸਿੰਘ, ਪਰਮਿੰਦਰ ਸਿੰਘ ਲੰਬੜਦਾਰ ਸੁਹਾੜਾ, ਕੁਲਦੀਪ ਸਿੰਘ ਸਲਾਮਤਪੁਰ, ਹਰਪ੍ਰੀਤ ਸਿੰਘ, ਪ੍ਰੇਮ ਕੁਮਾਰ ਰਿਸਰਚ ਅਫ਼ਸਰ, ਰਾਹੁਲ ਗੌਤਮ ਸੀਨੀਅਰ ਸਹਾਇਕ ਲੇਖਾ, ਬੇਅੰਤ ਸਿੰਘ ਇਨਵੇਸਟੀਗੇਟਰ, ਕੁਲਦੀਪ ਸਿੰਘ ਓਇੰਦ ਪੀਏ ਟੂ ਚੇਅਰਮੈਨ ਹਾਜ਼ਰ ਸਨ।