
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦਾ ਅੰਤਿਮ ਸਸਕਾਰ
ਰਤਵਾੜਾ ਸਾਹਿਬ ਵਿੱਚ ਬਿਰਧ ਆਸ਼ਰਮ ਦੀ ਦੇਖਰੇਖ ਕਰ ਰਹੇ ਸੀ ਹਰਚਰਨ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਉੱਘੇ ਸਿੱਖ ਵਿਦਵਾਨ ਅਤੇ ਪੰਥ ਦਰਦੀ ਹਰਚਰਨ ਸਿੰਘ (75) ਨੂੰ ਅੱਜ ਰਤਵਾੜਾ ਸਾਹਿਬ ਟਰੱਸਟ ਅਤੇ ਹੋਰਨਾਂ ਸਿੱਖ ਆਗੂਆਂ ਨੇ ਅੰਤਿਮ ਵਿਦਾਇਗੀ ਦਿੱਤੀ। ਐਤਵਾਰ ਨੂੰ ਸੈਕਟਰ-25, ਚੰਡੀਗੜ੍ਹ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਕਾਫੀ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਹੇ ਅਤੇ ਮੌਜੂਦਾ ਸਮੇਂ ਵਿੱਚ ਇੱਥੋਂ ਦੇ ਨਜ਼ਦੀਕੀ ਪਿੰਡ ਰਤਵਾੜਾ ਸਾਹਿਬ (ਨਿਊ ਚੰਡੀਗੜ੍ਹ) ਵਿੱਚ ਰਤਵਾੜਾ ਸਾਹਿਬ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ ਬਿਰਧ ਆਸ਼ਰਮ ਦੀ ਦੇਖਰੇਖ ਅਤੇ ਨਿਸ਼ਕਾਮ ਸੇਵਾ ਕਰ ਰਹੇ ਸੀ।
ਸਸਕਾਰ ਤੋਂ ਪਹਿਲਾਂ ਰਤਵਾੜਾ ਸਾਹਿਬ ਵਿੱਚ ਸਾਬਕਾ ਮੁੱਖ ਸਕੱਤਰ ਦੀ ਮ੍ਰਿਤਕ ਦੇਹ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਦੇ ਮੁਖੀ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਨੇ ਦੁਸ਼ਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਹਰਚਰਨ ਸਿੰਘ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਹਨ, ਪ੍ਰੰਤੂ ਉਨ੍ਹਾਂ ਦਾ ਪੰਥ ਪ੍ਰਤੀ ਦਰਦ, ਸਮਾਜ ਅਤੇ ਕੌਮ ਲਈ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਕਰਕੇ ਉਹ ਹਮੇਸ਼ਾ ਸਾਡੇ ਵਿੱਚ ਰਹਿਣਗੇ।
ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਹਰਚਰਨ ਸਿੰਘ ਹੁਰੀਂ ਦੇਸ਼ ਅਤੇ ਕੌਮ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਅਕਸਰ ਟੀਵੀ ਅਤੇ ਪ੍ਰਿੰਟ ਮੀਡੀਆ ਵਿੱਚ ਸੱਚ ਦੇ ਤੱਥ ਪ੍ਰਗਟ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿਰਫ਼ ਪਰਿਵਾਰ ਨੂੰ ਹੀ ਨਹੀਂ ਬਲਕਿ ਸਮੁੱਚੀ ਕੌਮ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਵਿਦਵਾਨਾਂ ਦੀ ਅਤਿਅੰਤ ਲੋੜ ਹੈ। ਵਿਰਲਿਆਂ ’ਚੋਂ ਹਰਚਰਨ ਸਿੰਘ ਇਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਦੀ ਕਲਮ ਅਤੇ ਜ਼ੁਬਾਨ ਨੇ ਹਮੇਸ਼ਾ ਸੱਚ ਲਿਖਿਆ ਅਤੇ ਬੋਲਿਆ ਹੈ। ਇਸ ਮੌਕੇ ਭਾਈ ਸੁਖਵਿੰਦਰ ਸਿੰਘ, ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸਾਬਕਾ ਮੁੱਖ ਸਕੱਤਰ ਦੀ ਬਿਰਧ ਮਾਤਾ, ਭਰਾ ਕਰਨਲ ਰਜਿੰਦਰ ਸਿੰਘ ਸਮੇਤ ਪਰਿਵਾਰਕ ਮੈਂਬਰ ਅਤੇ ਟਰੱਸਟ ਦੇ ਨੁਮਾਇੰਦੇ ਹਾਜ਼ਰ ਸਨ।