nabaz-e-punjab.com

ਹਵਾਈ ਸੈਨਾ ਦੇ ਮਾਸਟਰ ਵਾਰੰਟ ਅਫ਼ਸਰ ਚਰਨਜੀਤ ਸਿੰਘ ਦਾ ਦੁਰਾਲੀ ਵਿੱਚ ਅੰਤਿਮ ਸਸਕਾਰ

ਹਵਾਈ ਸੈਨਾ ਦੀਆਂ ਟੁਕੜੀਆਂ ਨੇ ਦਿੱਤੀ ਮ੍ਰਿਤਕ ਨੂੰ ਸਲਾਮੀ, ਵਿਧਾਇਕ ਸਿੱਧੂ ਨੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਭਾਰਤੀ ਹਵਾਈ ਸੈਨਾ ਦੇ ਮਾਸਟਰ ਵਾਰੰਟ ਅਫ਼ਸਰ ਚਰਨਜੀਤ ਸਿੰਘ ਦਾ ਅੱਜ ਸਵੇਰੇ ਦਸ ਵਜੇ ਨਜ਼ਦੀਕੀ ਪਿੰਡ ਦੁਰਾਲੀ ਵਿਖੇ ਵਿਸ਼ੇਸ਼ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਸ਼ਨਿਚਰਵਾਰ ਨੂੰ ਆਗਰਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਸਸਕਾਰ ਸਮੇਂ ਭਾਰਤੀ ਹਵਾਈ ਸੈਨਾ ਦੀਆਂ ਟੁਕੜੀਆਂ ਸੁਕੈਅਡਰਨ ਲੀਡਰ ਸੰਜੀਵ ਸ਼ਰਮਾ ਅਤੇ ਅਫ਼ਤਾਬ ਖਾਨ ਦੀ ਅਗਵਾਈ ਹੇਠ ਸ਼ਾਮਿਲ ਹੋਈਆਂ ਅਤੇ ਮ੍ਰਿਤਕ ਨੂੰ ਹਵਾਈ ਫ਼ਾਇਰ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਵਾਸੀ ਮੌਜੂਦ ਸਨ।
53 ਸਾਲਾ ਚਰਨਜੀਤ ਸਿੰਘ ਪੁੱਤਰ ਬਾਬੂ ਸਿੰਘ ਪਿਛਲੇ 33 ਸਾਲਾਂ ਤੋਂ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾ ਰਿਹਾ ਸੀ। ਉਨ੍ਹਾਂ ਸਟੋਰ ਇੰਚਾਰਜ ਦੇ ਅਹੁਦੇ ਉੱਤੇ ਆਪਣੀ ਨੌਕਰੀ ਆਰੰਭ ਕਰਕੇ ਵਾਰੰਟ ਅਫ਼ਸਰ ਦੇ ਅਹੁਦੇ ਤੱਕ ਪੁੱਜੇ। ਆਪਣੀ ਨੌਕਰੀ ਦੌਰਾਨ ਉਨ੍ਹਾਂ ਅਨੇਕਾਂ ਮਾਣ-ਸਨਮਾਨ ਹਾਸਿਲ ਕੀਤੇ। ਉਹ ਭਾਰਤੀ ਹਵਾਈ ਸੈਨਾ ਦੀ ਆਕਾਸ਼ ਗੰਗਾ ਟੀਮ ਦੇ ਸੀਨੀਅਰ ਮੈਂਬਰ ਸਨ ਤੇ ਉਨ੍ਹਾਂ ਨੂੰ ਤੀਹ ਹਜ਼ਾਰ ਫ਼ੁੱਟ ਦੀ ਉਚਾਈ ਤੋਂ ਪੈਰਾਸ਼ੂਟ ਕਰਨ ਦਾ ਵੀ ਵਿਸ਼ੇਸ਼ ਮਾਣ ਹਾਸਿਲ ਸੀ। ਆਪਣੀ ਸੇਵਾਵਾਂ ਦੌਰਾਨ ਉਨ੍ਹਾਂ ਤਜ਼ਾਕਿਸਤਾਨ ਅਤੇ ਭੂਟਾਨ ਵਿਖੇ ਵੀ ਭਾਰਤੀ ਹਵਾਈ ਸੈਨਾ ਰਾਹੀਂ ਆਪਣੀ ਕਾਰਗੁਜ਼ਾਰੀ ਵਿਖਾਈ। ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਚਰਨਜੀਤ ਸਿੰਘ ਨੂੰ ਭਾਰਤੀ ਹਵਾਈ ਸੈਨਾ ਦੀ ਪੈਰਾਸ਼ੂਟ ਵਿੰਗ ਦਾ ਪਹਿਲੇ ਉਸਤਾਦ ਹੋਣ ਦਾ ਖ਼ਿਤਾਬ ਵੀ ਹਾਸਲ ਸੀ।
ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਸੈਨਾ ਦੇ ਚਾਲੀ ਮੈਂਬਰਾਂ ਦੀ ਟੁਕੜੀ ਅੱਜ ਸਵੇਰੇ ਚਰਨਜੀਤ ਸਿੰਘ ਦੀ ਲਾਸ਼ ਲੈਕੇ ਪਿੰਡ ਦੁਰਾਲੀ ਪੁੱਜੀ। ਇਸ ਮੌਕੇ ਪਿੰਡ ਦਾ ਮਾਹੌਲ ਬਹੁਤ ਗਮਗੀਨ ਸੀ ਤੇ ਹਰ ਕੋਈ ਚਰਨਜੀਤ ਸਿੰਘ ਦੀ ਮੌਤ ਉੱਤੇ ਦੁੱਖ ਪ੍ਰਗਟ ਕਰ ਰਿਹਾ ਸੀ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਮਾਸਟਰ ਵਾਰੰਟ ਅਫ਼ਸਰ ਚਰਨਜੀਤ ਸਿੰਘ ਦੀ ਮੌਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਭਾਰਤੀ ਹਵਾਈ ਸੈਨਾ ਦੇ ਇਸ ਮੌਕੇ ਮੌਜੂਦ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੇ ਸਹਿਯੋਗੀ ਵਾਰੰਟ ਅਫ਼ਸਰ ਦੀਆਂ ਪ੍ਰਾਪਤੀਆਂ ਪਿੰਡ ਵਾਸੀਆਂ ਨੂੰ ਗਿਣਾਈਆਂ ਤੇ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਪੈਰਾਸ਼ੂਟ ਦੇ ਖੇਤਰ ਲਈ ਬਹੁਤ ਮੰਦਭਾਗਾ ਆਖਿਆ। ਇਸ ਮੌਕੇ ਸਮਾਜ ਸੇਵੀ ਨੌਜਵਾਨ ਜਰਨੈਲ ਸਿੰਘ ਸੋਨੀ, ਗੁਰਧਿਆਨ ਸਿੰਘ ਦੁਰਾਲੀ, ਸਾਬਕਾ ਸਰਪੰਚ ਸੁਖਦੀਪ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਸੂਬੇਦਾਰ ਰੁਲਦਾ ਰਾਮ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…