ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਪੰਜਾਬ ਦੇ ਰਾਜਪਾਲ, ਜੌੜੇਮਾਜਰਾ, ਅਨਮੋਲ ਗਗਨ ਮਾਨ, ਆਈਜੀ ਭੁੱਲਰ, ਡੀਸੀ ਆਸਿਕਾ ਜੈਨ ਨੇ ਦਿੱਤੀ ਸ਼ਰਧਾਂਜਲੀ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਜੰਮੂ-ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਬੀਤੇ ਦਿਨੀਂ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਜਿਵੇਂ ਕੈਪਟਨ ਦੀਦਾਰ ਸਿੰਘ ਦੀ ਅਗਵਾਈ ਹੇਠ ਭਾਰਤੀ ਸੈਨਾ ਦੀ ਇੱਕ ਟੁੱਕੜੀ ਸਵੇਰੇ ਸਾਢੇ 11 ਵਜੇ ਤਿਰੰਗੇ ਵਿੱਚ ਲਿਪਟੀ ਹੋਈ ਸ਼ਹੀਦ ਕਰਨਲ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਭੜੌਜੀਆਂ ਪਹੁੰਚੀ ਤਾਂ ਪਿੰਡ ਸਮੇਤ ਪੂਰੇ ਇਲਾਕੇ ਵਿੱਚ ਸੋਗ ਫੈਲ ਗਿਆ। ਘਰ ਦੇ ਵਿਹੜੇ ਵਿੱਚ ਕੁੱਝ ਸਮੇਂ ਲਈ ਕਰਨਲ ਦੀ ਮ੍ਰਿਤਕ ਦੇਹ ਪਰਿਵਾਰ ਅਤੇ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ। ਇਸ ਮਗਰੋਂ ਫੌਜੀ ਅਫ਼ਸਰਾਂ, ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤੇ ਸ਼ਰਧਾਂਜਲੀ ਦਿੱਤੀ। ਉਪਰੰਤ ਪਿੰਡ ਭੜੌਜੀਆਂ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕਰਨਲ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸੱਤ ਸਾਲ ਦੇ ਬੇਟੇ ਕਰੀਬ ਸਿੰਘ ਅਤੇ ਕਰਨਲ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦਿਖਾਈ। ਇਸ ਮੌਕੇ ਕਰਨਲ ਮਨਪ੍ਰੀਤ ਸਿੰਘ ਅਮਰ ਰਹੇ। ਕਰਨਲ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਵੀ ਗੂੰਜੇ। ਸ਼ਹੀਦ ਮਨਪ੍ਰੀਤ ਸਿੰਘ ਦੇ ਬੇਟੇ ਕਰੀਬ ਸਿੰਘ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਸਲੂਟ ਮਾਰਿਆ ਅਤੇ ਢਾਈ ਸਾਲਾਂ ਦੀ ਬਾਣੀ ਨੇ ਨਮ ਅੱਖਾਂ ਨਾਲ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਇਹ ਦ੍ਰਿਸ਼ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਉਦਾਸ ਹਨ। ਜਦੋਂਕਿ ਭੈਣ ਸੰਦੀਪ ਕੌਰ ਸਮੇਤ ਰਿਸ਼ੇਤਦਾਰੀ ’ਚੋਂ ਭੈਣਾਂ ਨੇ ਸ਼ਹੀਦ ਕਰਨਲ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਅਨੋਖੀ ਸ਼ਰਧਾਂਜਲੀ ਕਰਦਿਆਂ ਅੰਤਿਮ ਵਿਦਾਈ ਦਿੱਤੀ।

ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਸੰਦੀਪ ਗਰਗ ਨੇ ਇਲਾਕੇ ਦੇ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਸ਼ਰਧਾ ਦੇ ਫੁਲ ਭੇਟ ਕੀਤੇ। ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਨਾਇਕ ਅਮਰ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨਾ ਅਤੇ ਮਾਣ-ਸਨਮਾਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਦੇਸ਼ ਦੇ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੇ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਜਾਂਦੇ ਹਨ। ਸ਼ਹੀਦ ਸਦਾ ਹੀ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪਲ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਮਨਪ੍ਰੀਤ ਸਿੰਘ ਦੇ ਪਿਤਾ ਮਰਹੂਮ ਲਖਮੀਰ ਸਿੰਘ ਅਤੇ ਦਾਦਾ ਮਰਹੂਮ ਸ਼ੀਤਲ ਸਿੰਘ ਵੀ ਫੌਜੀ ਸਨ।

ਅੰਤਿਮ ਸਸਕਾਰ ਮੌਕੇ ਸ਼ਹੀਦ ਦੇ ਮਾਤਾ ਸ੍ਰੀਮਤੀ ਮਨਜੀਤ ਕੌਰ, ਪਤਨੀ ਜਗਮੀਤ ਕੌਰ, ਪੁੱਤਰ ਕਬੀਰ (7) ਅਤੇ ਧੀ ਬਾਣੀ (ਢਾਈ ਸਾਲ) ਸਮੇਤ ਸਾਬਕਾ ਮੰਤਰੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਭਜੋਤ ਕੌਰ, ਐੱਸਡੀਐਮ ਰਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਸਮਾਜ ਸੇਵੀ ਅਰਵਿੰਦ ਪੁਰੀ, ਭਾਜਪਾ ਦੀ ਸੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਖਰੜ ਰਣਜੀਤ ਸਿੰਘ ਗਿੱਲ, ਬ੍ਰਿਗੇਡੀਅਰ ਮਨੀਸ਼ ਜੋਸ਼ੀ, ਵੈਸਟ ਕਮਾਂਡੈਂਟ ਡੀਪੀ ਪਾਂਡੇ, ਇੰਦਰਜੀਤ ਸਿੰਘ, ਜਨਰਲ ਬੀਪੀ ਮਲਕ, ਮੇਜਰ ਪੰਕਜ ਕੁਮਾਰ, ਸ਼ਹੀਦ ਭਗਤ ਸਿੰਘ ਯੂਥ ਕਲੱਬ ਭੜੌਜੀਆਂ ਦੇ ਪ੍ਰਧਾਨ ਤੇਜਵੀਰ ਸਿੰਘ ਤੇਜ਼ੀ, ਸਰਪੰਚ ਰਜਿੰਦਰ ਸਿੰਘ ਸਮੇਤ ਭਾਜਪਾ ਦੀ ਸੀਨੀਅਰ ਆਗੂ ਜੈ ਇੰਦਰ ਕੌਰ, ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਸੰਗਠਨਾਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…