ਸਬ ਇੰਸਪੈਕਟਰ ਭੁਪਿੰਦਰ ਸ਼ਰਮਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਲੰਘੀ ਰਾਤ ਥਾਣੇਦਾਰ ਸਰਵਿਸ ਰਿਵਾਲਵਰ ਦੀ ਕਰ ਰਿਹਾ ਸੀ ਸਫ਼ਾਈ, ਗੋਲੀ ਚੱਲ ਗਈ

ਬਰੇਨ ਟਿਊਮਰ ਕਾਰਨ ਪਤਨੀ ਦੀ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਜਾ ਰਹੀ ਸੀ ਹਾਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ:
ਮੁਹਾਲੀ ਵਿੱਚ ਸਬ ਇੰਸਪੈਕਟਰ ਭੁਪਿੰਦਰ ਕੁਮਾਰ ਸ਼ਰਮਾ (50) ਦੀ ਲੰਘੀ ਦੇਰ ਰਾਤ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਇੱਥੋਂ ਦੇ ਫੇਜ਼-8 ਸਥਿਤ ਪੁਲੀਸ ਰਿਹਾਇਸ਼ੀ ਕੰਪਲੈਕਸ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਵੱਡੀ ਬੇਟੀ ਜੰਮੂ ਵਿੱਚ ਤਾਇਨਾਤ ਆਰਮੀ ਅਫ਼ਸਰ ਨਾਲ ਵਿਆਹੀ ਹੋਈ ਹੈ ਅਤੇ ਛੋਟਾ ਬੇਟਾ ਕੈਨੇਡਾ ਵਿੱਚ ਰਹਿੰਦਾ ਹੈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਦੀ ਸੂਚਨਾ ਮਿਲਣ ’ਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਅਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਅਤੇ ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਖੂਨ ਨਾਲ ਲੱਥਪੱਥ ਥਾਣੇਦਾਰ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਸ੍ਰੀਮਤੀ ਸੀਮਾ ਸ਼ਰਮਾ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਅੱਜ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਜਿਸ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਥਾਣੇਦਾਰ ਦੇ ਭਤੀਜੇ ਪੁਨੀਤ ਸ਼ਰਮਾ ਨੇ ਚਿਤਾ ਨੂੰ ਅੱਗ ਲਾਈ। ਇਸ ਮੌਕੇ ਏਐਸਪੀ ਅਸ਼ਵਨੀ ਗੋਟਿਆਲ, ਡੀਐਸਪੀ ਰਮਨਦੀਪ ਸਿੰਘ, ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ, ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ, ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ, ਟਰੈਫ਼ਿਕ ਥਾਣਾ ਜ਼ੋਨ-1 ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸੂਦ, ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਸਮੇਤ ਪਰਿਵਾਰ ਮੈਂਬਰ ਅਤੇ ਪੁਲੀਸ ਕਰਮਚਾਰੀ ਮੌਜੂਦ ਸਨ।
ਪੁਲੀਸ ਅਨੁਸਾਰ ਸਬ ਇੰਸਪੈਕਟਰ ਭੁਪਿੰਦਰ ਸ਼ਰਮਾ ਸ਼ੁੱਕਰਵਾਰ ਦੇਰ ਰਾਤ ਇੱਥੋਂ ਦੇ ਮੈਕਸ ਹਸਪਤਾਲ ਦੇ ਬਾਹਰ ਕਰਫਿਊ ਨਾਕਾ ਡਿਊਟੀ ’ਤੇ ਤਾਇਨਾਤ ਸੀ। ਉਹ ਡਿਊਟੀ ਦੌਰਾਨ ਵਿਚੋਂ ਕੁਝ ਸਮਾਂ ਕੱਢ ਕੇ ਰਾਤ ਦਾ ਖਾਣਾ ਖਾਣ ਲਈ ਘਰ ਆਇਆ ਸੀ। ਇਸ ਦੌਰਾਨ ਉਹ ਆਪਣੀ ਸਰਵਿਸ ਰਿਵਾਲਵਰ ਦੀ ਸਫ਼ਾਈ ਕਰਨ ਲੱਗ ਪਿਆ ਅਤੇ ਅਚਾਨਕ ਗੋਲੀ ਚੱਲ ਗਈ। ਜੋ ਭੁਪਿੰਦਰ ਦੇ ਸਿਰ (ਪੁੜਪੁੜੀ) ਵਿੱਚ ਖੱਬੇ ਪਾਸਿਓਂ ਦੂਜੇ ਪਾਸੇ ਬਾਹਰ ਨਿਕਲ ਗਈ। ਖੂਨ ਨਾਲ ਲੱਥਪੱਥ ਸਬ ਇੰਸਪੈਕਟਰ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭੁਪਿੰਦਰ ਸ਼ਰਮਾ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸਮੇਤ ਮਜਾਤ ਪੁਲੀਸ ਚੌਂਕੀ ਅਤੇ ਸਰਕਾਰੀ ਹਸਪਤਾਲ ਫੇਜ਼-6 ਚੌਂਕੀ ਦੇ ਇੰਚਾਰਜ ਸਮੇਤ ਹੋਰ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਰਹੇ ਹਨ। ਮੌਜੂਦਾ ਸਮੇਂ ਵਿੱਚ ਉਹ ਪੁਲੀਸ ਲਾਈਨ ਵਿੱਚ ਤਾਇਨਾਤ ਸਨ।
ਪੁਲੀਸ ਸੂਤਰਾਂ ਅਨੁਸਾਰ ਸਬ ਇੰਸਪੈਕਟਰ ਦੀ ਪਤਨੀ ਸੀਮਾ ਸ਼ਰਮਾ ਬਰੇਨ ਟਿਊਮਰ ਤੋਂ ਪੀੜਤ ਸੀ। ਉਸ ਦਾ ਦੋ ਕੁ ਮਹੀਨੇ ਪਹਿਲਾਂ ਅਪਰੇਸ਼ਨ ਵੀ ਹੋਇਆ ਸੀ। ਪਤਨੀ ਦੀ ਦੇਖਭਾਲ ਲਈ ਭੁਪਿੰਦਰ ਸ਼ਰਮਾ ਕਾਫੀ ਦਿਨ ਛੁੱਟੀ ’ਤੇ ਵੀ ਰਹੇ ਹਨ। ਲੇਕਿਨ ਹੁਣ ਦਿਨ ਪ੍ਰਤੀ ਦਿਨ ਉਸ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ। ਜਿਸ ਕਾਰਨ ਭੁਪਿੰਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਂਜ ਵੀ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਉਸ ਨੂੰ ਪੁਲੀਸ ਨਾਕਿਆਂ ’ਤੇ ਦਿਨ ਰਾਤ ਸਖ਼ਤ ਡਿਊਟੀ ਦੇਣੀ ਪੈ ਰਹੀ ਸੀ ਅਤੇ ਉਸ ਨੂੰ ਪਤਨੀ ਦੀ ਦੇਖਭਾਲ ਕਰਨ ਦਾ ਲੋੜੀਂਦਾ ਸਮਾਂ ਨਹੀਂ ਮਿਲ ਰਿਹਾ ਸੀ। ਇਸ ਮਾਨਸਿਕ ਪ੍ਰੇਸ਼ਾਨੀ ਕਾਰਨ ਨੇ ਉਸ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…