nabaz-e-punjab.com

ਬੁੱਢਾ ਕੇਸ ਵਿੱਚ ਅਗਲੇਰੀ ਜਾਂਚ ਨਾਲ ਵੱਡੇ ਦੋਸ਼ੀਆਂ ਜੱਗਾ ਅਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧ ਉਜਾਗਰ ਹੋਏ

ਦੋਵੇਂ ਮੁਲਜ਼ਮ 2014-15 ਤੋਂ ਫਰਾਰ ਸਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਫਰਵਰੀ :
ਪੰਜਾਬ ਪੁਲੀਸ ਵੱਲੋਂ ਖ਼ਤਰਨਾਕ ਗੈਂਗਸਟਰ ਬੁੱਢਾ ਕੇਸ ਵਿੱਚ ਅਗਲੇਰੀ ਜਾਂਚ ਨਾਲ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਜਗਦੀਪ ਸਿੰਘ ਉਰਫ਼ ਜੱਗਾ (ਬਿੱਲਾ), ਅਤੇ ਗੁਰਵਿੰਦਰ ਸਿੰਘ (ਪਹਿਲਵਾਨ) ਦੇ ਪਾਕਿਸਤਾਨ ਨਾਲ ਸਬੰਧ ਸਾਹਮਣੇ ਆਏ ਹਨ।
ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਦੋਵਾਂ ਪਾਸੋਂ ਪਾਕਿਸਤਾਨ ਦੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ ਅਤੇ ਦੋਵੇਂ ਦੋਸ਼ੀ ਪਿੰਡ ਕੋਟ ਧਰਮ ਚੰਦ ਕਲਾਂ ਪੁਲੀਸ ਥਾਣਾ ਝਬਾਲ, ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ ਹਨ। ਬੁਲਾਰੇ ਅਨੁਸਾਰ ਮੁਲਜ਼ਮਾਂ ਨੂੰ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਐਸ.ਏ.ਐਸ.ਨਗਰ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਸ਼ੀਆਂ ਖਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਪੁਲੀਸ ਥਾਣਾ ਸਿਟੀ ਖਰੜ ਵਿਖੇ ਐਫਆਈਆਰ ਨੰ. 61 ਮਿਤੀ 13-02-2020 ਦਰਜ ਕੀਤੀ ਗਈ ਹੈ।
ਏ.ਆਈ.ਜੀ. ਐਸਐਸਓਸੀ ਗੁਰਮੀਤ ਚੌਹਾਨ ਅਤੇ ਏਡੀਜੀਪੀ ਆਈਐਸ, ਆਰ ਐਨ ਢੋਕੇ ਦੀ ਨਿਗਰਾਨੀ ਹੇਠ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਇਸ ਰੈਕੇਟ ਦੀ ਜਾਂਚ ਵਿੱਚ ਹੁਣ ਤੱਕ ਤਕਰੀਬਨ ਦੋ ਦਰਜਨ ਵੱਡੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸ਼ੀ ਜੋ 2014-15 ਤੋਂ ਫਰਾਰ ਸੀ, ਨੂੰ ਵੱਖ ਵੱਖ ਤਰੀਕਿਆਂ ਜ਼ਰੀਏ ਅਤੇ ਵੱਖ ਵੱਖ ਮਾਰਗਾਂ ਰਾਹੀਂ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਜਾਅਲੀ ਭਾਰਤੀ ਕਰੰਸੀ ਪ੍ਰਾਪਤ ਹੋਈ ਸੀ। ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀ.ਆਰ.ਆਈ.), ਰਾਜਸਥਾਨ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਪਾਕਿਸਤਾਨ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਲੈਣ ਦੇ ਮਾਮਲੇ ਵਿਚ ਇਨ੍ਹਾਂ ਦੋਸ਼ੀਆਂ ਦੀ ਭਾਲ ਸੀ।
ਜੱਗਾ ਅਤੇ ਪਹਿਲਵਾਨ ਦੋਹਾਂ ਨੇ ਆਪਣੀ ਖੁਦ ਦੀ ਢਿੱਲੋਂ ਟਰਾਂਸਪੋਰਟ ਕੰਪਨੀ ਵਿੱਚ ਟਰਾਂਸਪੋਰਟਰਾਂ ਵਜੋਂ ਕੰਮ ਕੀਤਾ ਅਤੇ ਇਸ ਤਰ੍ਹਾਂ ਪਿਛਲੇ 5 ਸਾਲਾਂ ਦੌਰਾਨ ਗ੍ਰਿਫ਼ਤਾਰੀ ਤੋਂ ਬਚਦੇ ਰਹੇ। ਉਨ੍ਹਾਂ ਨੇ ਕਥਿਤ ਤੌਰ ‘ਤੇ ਡਰੱਗ ਮਨੀ ਨਾਲ ਆਪਣਾ ਸਾਮਰਾਜ ਕਾਇਮ ਕੀਤਾ ਸੀ, ਅਤੇ ਫਿਰੋਜ਼ਪੁਰ ਦੇ ਮੱਖੂ ਜ਼ਿਲ੍ਹੇ ਵਿਚ ਇਕ ਨਵਾਂ ਮਕਾਨ ਖਰੀਦਣ ਦੇ ਨਾਲ ਨਾਲ ਨਵੀਂ ਦਿੱਲੀ ਤੋਂ ਪੰਜ ਨਵੇਂ ਟਰੱਕ ਵੀ ਖਰੀਦੇ ਸਨ। ਉਨ੍ਹਾਂ ਨੇ ਕੋਟ ਧਰਮ ਚੰਦ, ਜ਼ਿਲ੍ਹਾ ਤਰਨਤਾਰਨ ਵਿਖੇ ਤਕਰੀਬਨ 4 ਏਕੜ ਖੇਤੀ ਵਾਲੀ ਜ਼ਮੀਨ ਵੀ ਖਰੀਦੀ ਸੀ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੱਡੇ ਪੈਸਿਆਂ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਅੱਗੇ ਦੱÎਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਹਵਾਲਾ ਰਾਹੀਂ ਪਾਕਿਸਤਾਨ ਦੇ ਡੀਲਰਾਂ ਵੱਲੋਂ ਡਰੱਗ ਮਨੀ ਪ੍ਰਾਪਤ ਹੋਈ ਸੀ।
ਜਗਦੀਪ ਸਿੰਘ ਉਰਫ ਜੱਗਾ 2008 ਤੋਂ ਹੀ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਸੀ ਅਤੇ ਉਦੋਂ ਹੀ ਉਸਨੇ ਪਹਿਲੀ ਵਾਰ ਪਾਕਿਸਤਾਨੀ ਸਿਮ ਕਾਰਡਾਂ ਦੀ ਵਰਤੋਂ ਕਰਨੀ ਵੀ ਸ਼ੁਰੂ ਕੀਤੀ ਸੀ। ਉਹ ਉਸੇ ਸਾਲ ਗੁਰਵਿੰਦਰ ਸਿੰਘ ਉਰਫ਼ ਪਹਿਲਵਾਨ ਦੇ ਸੰਪਰਕ ਵਿੱਚ ਆਇਆ ਸੀ ਅਤੇ ਇਸ ਤੋਂ ਬਾਅਦ ਉਸਦਾ ਉਹ ਪਾਕਿਸਤਾਨ ਦੇ ਅਬਦ ਅਲੀ ਉਰਫ਼ ਬਦੀ ਉਰਫ਼ ਬਦਲੀ ਦੇ ਸੰਪਰਕ ਵਿੱਚ ਆਇਆ।
ਜੱਗਾ ਨੇ ਪਾਕਿਸਤਾਨ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਅਟਾਰੀ ਸਰਹੱਦ ਨੇੜੇ ਪੈਂਦੇ ਪਿੰਡ ਰਾਜੇਤਲ ਅਤੇ ਮਹਾਵਾ ਡਰੇਨ ਦੇ ਖੇਤਰ ਵਿੱਚ ਜੈਕਾ ਪਹਿਲਵਾਨ ਅਤੇ ਅਬਦ ਅਲੀ ( ਦੋਵੇਂ ਪਾਕਿਸਤਾਨੀ) ਕੋਲੋਂ ਨਸ਼ਿਆਂ ਦੀ ਖੇਪ ਪ੍ਰਾਪਤ ਕੀਤੀ। ਉਹ ਫਾਜ਼ਿਲਕਾ-ਫਿਰੋਜ਼ਪੁਰ ਸਰਹੱਦ ਨੇੜੇ ਬੋਦੀ ਲਾਂਮਾ (ਪਾਕਿਸਤਾਨ) ਤੋਂ ਨਸ਼ੇ ਦੀ ਖੇਪ ਵੀ ਖਰੀਦਦਾ ਸੀ।
ਬੁਲਾਰੇ ਅਨੁਸਾਰ ਜੱਗਾ ਸਾਲ 2015 ਵਿਚ ਪਾਕਿਸਤਾਨ ਦੇ ਪਿੰਡ ਨਰਵਾਡ ਦੇ ਵਾਸੀ ਮਲਿਕ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਵਿਚ ਉਸ ਨੂੰ ਪਾਕਿਸਤਾਨ ਤੋਂ ਨਸ਼ਿਆਂ ਦੀ ਭਾਰੀ ਖੇਪ ਮਿਲ ਰਹੀ ਸੀ। ਉਸਨੇ ਪਾਕਿਸਤਾਨ ਤੋਂ ਜ਼ਿਆਦਾਤਰ ਨਸ਼ੇ ਦੀਆਂ ਖੇਪਾਂ ਰਾਵੀ ਨਦੀ ਰਾਹੀਂ ਅਤੇ ਪਲਾਸਟਿਕ ਦੀਆਂ ਟਿਊਬਾਂ ਵਿੱਚ ਪ੍ਰਾਪਤ ਕੀਤੀਆਂ ਸਨ। ਉਸਨੇ ਨਸ਼ਿਆਂ ਦੀ ਢੋਆ-ਢੁਆਈ ਲਈ ਲਈ ਆਪਣੇ ਸਾਥੀ ਮਹਿੰਦਰ ਸਿੰਘ ਉਰਫ ਮਿੰਦਾ ਦੀਆਂ ਆਲਟੋ, ਲੈਂਸਰ, ਸਵਿਫਟ, ਟਰੱਕ ਅਤੇ ਟਾਟਾ ਸੁਮੋ ਵਾਹਨਾਂ ਦੀ ਵਰਤੋਂ ਕੀਤੀ। ਟਾਟਾ ਸੁਮੋ ਵਿਚ, ਉਸਨੇ ਨਸ਼ਿਆਂ ਨੂੰ ਲੁਕਾਉਣ ਲਈ ਪਿਛਲੀ ਸੀਟ ਦੇ ਹੇਠਾਂ ਲੁਕਵੇਂ ਬਕਸੇ ਬਣਾਏ ਸਨ।
ਐਨਡੀਪੀਐਸ ਦੇ ਮਾਮਲਿਆਂ ਵਿਚ ਉਸ ਦੀ ਦੋ ਵਾਰ ਗ੍ਰਿਫਤਾਰੀ ਤੋਂ ਬਾਅਦ ਜੱਗਾ ਨੇ ਅੰਤਰਰਾਸ਼ਟਰੀ ਨੰਬਰ ‘ਤੇ ਵਟਸਐਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਸ਼ੁਰੂ ਵਿਚ ਡਾÂਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਵੱਲੋਂ 13 ਕਿਲੋ ਹੈਰੋਇਨ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ਵਿਚ ਉਸ ਨੂੰ ਸਾਲ 2011 ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ 2014 ਵਿਚ ਉਹ ਪੈਰੋਲ ‘ਤੇ ਬਾਹਰ ਆ ਗਿਆ। ਡੀ.ਆਰ.ਆਈ. ਵੱਲੋਂ ਜਨਵਰੀ 2015 ਵਿਚ 42 ਕਿਲੋ ਹੈਰੋਇਨ ਦੇ ਕੇਸ ਉਸਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ। ਅਕਤੂਬਰ 2015 ਵਿਚ ਤਰਨਤਾਰਨ ਵਿਖੇ ਅਦਾਲਤ ਵਿਚ ਉਸਦੀ ਪੇਸ਼ੀ ਦੌਰਾਨ ਉਹ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਫਰਾਰ ਸੀ।
ਇਤਫ਼ਾਕ ਨਾਲ ਜਗਦੀਪ ਸਿੰਘ ਉਰਫ਼ ਜੱਗਾ ਦੇ ਪਿਤਾ ਗੁਰਦੇਵ ਸਿੰਘ ਨੂੰ ਵੀ 2005 ਦੇ ਇੱਕ ਡਰੱਗ ਕੇਸ ਵਿੱਚ 11 ਸਾਲ ਦੀ ਸਜਾ ਸੁਣਾਈ ਗਈ ਸੀ। 2014 ਵਿੱਚ ਉਹ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਅਜੇ ਤੱਕ ਫਰਾਰ ਹੈ।
ਜੱਗੇ ਦਾ ਚਚੇਰਾ ਭਰਾ ਪਹਿਲਵਾਨ 2014 ਤੋਂ 10 ਕਿੱਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਫਰਾਰ ਸੀ। ਗ੍ਰਿਫਤਾਰੀ ਤੋਂ ਬਚਣ ਲਈ, ਉਸਨੇ ਆਪਣੀ ਦਿੱਖ ਬਦਲ ਲਈ ਸੀ ਅਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …