
ਗਜੇਂਦਰ ਸ਼ੇਖਾਵਤ ਨੇ ਕੇਂਦਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਡੀਸੀ ਅਮਿਤ ਤਲਵਾੜ ਦੀ ਅਗਵਾਈ ਹੇਠ ਕੇਂਦਰੀ ਸਕੀਮਾਂ ਨੂੰ ਵਧੀਆ ਢੰਗ ਨਾਲ ਲਾਗੂ ਕਰਨ ’ਤੇ ਤਸੱਲੀ ਪ੍ਰਗਟਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਜ਼ਿਲ੍ਹੇ ਨਗਰ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਪੱਖੀ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਤੀਕਸਣ ਸੂਦ, ਭਾਜਪਾ ਆਗੂ ਸੰਜੀਵ ਵਸ਼ਿਸ਼ਟ, ਖੁਸ਼ਵੰਤ ਰਾਏ ਗੀਗਾ ਅਤੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਸਮੇਤ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਏਡੀਸੀ (ਜ) ਅਮਨਿੰਦਰ ਕੌਰ ਬਰਾੜ, ਏਡੀਸੀ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐਸ ਗਰੇਵਾਲ, ਏਡੀਸੀ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਹੋਰ ਭਾਜਪਾ ਆਗੂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪਾਣੀ ਦੇ ਸੋਮਿਆਂ ਦੀ ਸਾਂਭ-ਸੰਭਾਲ ਅਤੇ ਵੱਖ-ਵੱਖ ਲੋਕਪੱਖੀ ਕੇਂਦਰੀ ਸਕੀਮਾਂ ਤਹਿਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵੇਸਟ ਪਾਣੀ ਨੂੰ ਵਧੀਆ ਢੰਗ ਨਾਲ ਮੁੜ ਵਰਤੋਂ ਵਿੱਚ ਲਿਆਂਦੇ ਜਾ ਰਹੇ ਉਪਰਾਲਿਆਂ ਨੂੰ ਹੋਰ ਵਧਾਇਆ ਜਾਵੇ ਤਾਂ ਜੋ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ।
ਮੀਟਿੰਗ ਦੇ ਸ਼ੁਰੂ ਹੋਣ ’ਤੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜਲ ਸ਼ਕਤੀ ਮੁਹਿੰਮ ਅਧੀਨ ਪਾਣੀ ਦੀ ਸਾਂਭ-ਸੰਭਾਲ ਸਬੰਧੀ ਬਣਾਏ ਸਰੋਤਾਂ ਅਤੇ ਇਸ ਸਬੰਧੀ ਕੀਤੇ ਕੰਮਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਕੇਂਦਰੀ ਸਕੀਮਾਂ ਅਧੀਨ ਪੂਰੇ ਕੀਤੇ ਪ੍ਰਾਜੈਕਟਾਂ ਅਤੇ ਮੌਜੂਦਾ ਸਮੇਂ ਵਿਚ ਚੱਲ ਰਹੇ ਕਾਰਜਾਂ ਦੀ ਸਥਿਤੀ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਜੰਗਲਾਤ ਖੇਤਰ ਵਿੱਚ ਬਣੇ ਪਾਣੀ ਦੀ ਸਾਂਭ-ਸੰਭਾਲ ਦੇ ਸਰੋਤਾਂ ਬਾਰੇ ਜਾਣੂ ਕਰਵਾਇਆ। ਜਿਸ ਨੂੰ ਕੇਂਦਰੀ ਮੰਤਰੀ ਨੇ ਸਹੀ ਮੰਨਦਿਆਂ ਇਸ ਕੰਮ ਨੂੰ ਹੋਰ ਵਧਾਉਣ ਲਈ ਉਪਰਾਲੇ ਕਰਨ ’ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਜਾ ਕੇ ਲੋਕਾਂ ਨੂੰ ਪਾਣੀ ਦੇ ਬਚਾਅ ਅਤੇ ਇਸ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਜਾਵੇ।

ਅੰਤ ਵਿੱਚ ਕੇਂਦਰੀ ਮੰਤਰੀ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕੇਂਦਰੀ ਸਕੀਮਾਂ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਅਤੇ ਜ਼ਿਲ੍ਹੇ ਦੀ ਤਰੱਕੀ ਤੇ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੇਂਦਰੀ ਮੰਤਰੀ ਦੇ ਜ਼ਿਲ੍ਹੇ ਵਿੱਚ ਆਉਣ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।