nabaz-e-punjab.com

ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਸਬੰਧੀ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇਣ ਤੋਂ ਇਨਕਾਰੀ ਹੈ ਗਮਾਡਾ

ਕੌਂਸਲਰ ਕੁਲਜੀਤ ਬੇਦੀ ਵੱਲੋਂ ਗਮਾਡਾ ਦੇ ਖ਼ਿਲਾਫ਼ ਸੂਚਨਾ ਕਮਿਸ਼ਨ ਵਿੱਚ ਅਪੀਲ ਕਰਨ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪਿਛਲੇ ਕੁੱਝ ਦਿਨਾਂ ਦੌਰਾਨ ਜਿੱਥੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਪਾਣੀ ਨਾ ਮਿਲਣ ਕਾਰਨ ਉਹਨਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ ਉਥੇ ਦੂਜੇ ਪਾਸੇ ਗਮਾਡਾ ਵੱਲੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਲੋੜ ਪੂਰੀ ਕਰਨ ਲਈ ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਤਕ ਪਾਈ ਜਾਣ ਵਾਲੀ 40 ਐਮ ਜੀ ਡੀ ਪਾਈਪ ਦਾ ਕੰਮ ਵਿਚਾਲੇ ਹੀ ਲਮਕ ਰਿਹਾ ਹੈ ਅਤੇ ਇਸਦੇ ਪੂਰਾ ਹੋਣ ਦੀ ਕੋਈ ਆਸ ਵੀ ਨਹੀਂ ਦਿਖ ਰਹੀ ਹੈ। ਗਮਾਡਾ ਅਧਿਕਾਰੀਆਂ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਇਸ ਮੁੱਦੇ ਤੇ ਗਮਾਡਾ ਦੇ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰਕੇ 40 ਐਮਜੀਡੀ ਪਾਈਪ ਦਾ ਪ੍ਰੋਜੈਕਟ ਮੰਜੂਰ ਕਰਵਾਉਣ ਵਾਲ ਸਮਾਜਸੇਵੀ ਆਗੂ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਇਸ ਪਾਈਪਲਾਈਨ ਦੇ ਕੰਮ ਦੇ ਮੁਕੰਮਲ ਹੋਣ ਅਤੇ ਸ਼ਹਿਰ ਵਾਸੀਆਂ ਨੂੰ ਮਿਲਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਸੰਬੰਧੀ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇਣ ਤੋਂ ਵੀ ਗਮਾਡਾ ਵੱਲੋਂ ਟਾਲਾ ਵੱਟਿਆ ਜਾ ਰਿਹਾ ਹੈ।
ਸ੍ਰੀ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਹਨਾਂ ਵਲੋੱ ਤਿੰਨ ਮਹੀਨੇ ਪਹਿਲਾਂ ਇਸ ਸਬੰਧੀ ਕਜੌਲੀ ਵਾਟਰ ਵਰਕਸ ਦੇ ਮਸਲੇ ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਇੱਕ ਪੱਤਰ ਲਿਖ ਕੇ ਆਰਟੀਆਈ ਐਕਟ ਤਹਿਤ ਕਜੌਲੀ ਵਾਟਰ ਵਰਕਸ ਦੀ ਸਹੀ ਸਥਿਤੀ ਦੀ ਵਿਸਤਾਰਤ ਜਾਣਕਾਰੀ ਮੰਗੀ ਸੀ। ਜਿਸਦੇ ਜਵਾਬ ਵਿੱਚ ਗਮਾਡਾ ਦੇ ਸੂਚਨਾ ਅਧਿਕਾਰੀ ਨੇ ਇਹ ਲਿਖਿਆ ਹੈ ਕਿ ਆਰਟੀਆਈ ਐਕਟ 2005 ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਿ ਉਹਨਾਂ ਨੂੰ ਸੂਚਨਾ ਤਿਆਰ ਕਰਕੇ ਦਿੱਤੀ ਜਾ ਸਕੇ ਅਤੇ ਸੂਚਨਾ ਮੰਗਣ ਵਾਲੇ ਦੀ ਮੰਗ ਅਨੁਸਾਰ ਸਿਰਫ ਦਸਤਾਵੇਜ ਹੀ ਉਪਲਬਧ ਕਰਵਾਏ ਜਾ ਸਕਦੇ ਹਨ।
ਸ੍ਰੀ ਬੇਦੀ ਨੇ ਦੱਸਿਆ ਕਿ ਉਹਨਾਂ ਨੇ ਸੂਚਨਾ ਦੇ ਅਧਿਕਾਰ ਤਹਿਤ ਗਮਾਡਾ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਕਜੌਲੀ ਵਾਟਰ ਵਰਕਸ ਦੀ 5 ਅਤੇ 6 ਨੰਬਰ ਪਾਈਪ ਲਾਈਨ ਵਿਛਾਉਣ ਦਾ ਕੰਮ ਕਜੌਲੀ ਤੋਂ ਪਿੰਡ ਜੰਡਪੁਰ ਤੱਕ ਮੁਕੰਮਲ ਹੋ ਗਿਆ ਹੈ ਜਾਂ ਨਹੀਂ। ਜੇਕਰ ਪਾਈਪਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਤਾਂ ਇਸ ਉੱਤੇ ਕਿੰਨੀ ਲਾਗਤ ਆਈ ਹੈ। ਜੇਕਰ ਪਾਈਪ ਲਾਈਨ ਵਿਛਾਉਣ ਦਾ ਕੰਮ ਮੁਕੰਮਲ ਨਹੀਂ ਹੋਇਆ ਤਾਂ ਦੱਸਿਆ ਜਾਵੇ ਕਿ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਇਹ ਕੰਮ ਕਦੋੱ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ। ਉਹਨਾਂ ਨੂੰ ਦੱਸਿਆ ਜਾਵੇ ਕਿ ਪਿੰਡ ਜੰਡਪੁਰ ਵਿਖੇ ਲਗਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਲਈ ਕਿੰਨੀ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇਹ ਦੱਸਿਆ ਜਾਵੇ ਕਿ ਟ੍ਰੀਟਮੈਂਟ ਪਲਾਂਟ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਖਰੀਦਣ ਸਬੰਧੀ ਕੋਈ ਟੈਂਡਰ ਪਾਸ ਕੀਤੇ ਗਏ ਹਨ ਅਤੇ ਇਸ ਟਰੀਟਮੈਂਟ ਪਲਾਂਟ ਦੇ ਕੰੰਮ ਦੇ ਮੁਕੰਮਲ ਹੋਣ ਦੀ ਅੰਤਿਮ ਤਾਰੀਖ ਕੀ ਹੈ। ਇਹ ਵੀ ਦੱਸਿਆ ਜਾਵੇ ਕਿ ਟ੍ਰੀਟਮੈਂਟ ਪਲਾਂਟ ਬਣਾਉਣ ਸਬੰਧੀ ਕੋਈ ਟੈਂਡਰ ਪਾਸ ਕੀਤਾ ਗਿਆ ਹੈ ਕਿ ਨਹੀਂ। ਜੇਕਰ ਨਹੀਂ ਕੀਤਾ ਗਿਆ ਹੈ ਤਾਂ ਟਰੀਟਮੈਂਟ ਪਲਾਂਟ ਦੇ ਬਣਾਉਣ ਦੇ ਟੈਂਡਰ ਦੀ ਤਜਵੀਜ ਕਿਸ ਪੜਾਅ ਤੱਕ ਪਹੁੰਚ ਚੁੱਕੀ ਹੈ।
ਸ੍ਰੀ ਬੇਦੀ ਨੇ ਇਹ ਵੀ ਪੁੱਛਿਆ ਸੀ ਕਿ ਜੰਡਪੁਰ ਵਿਖੇ ਟਰੀਟਮੈਂਟ ਪਲਾਂਟ ਤੋਂ ਸਾਫ਼ ਪਾਣੀ ਦੀ ਵੰਡ ਲਈ ਵਿਛਾਉਣ ਲਈ ਟੈਂਡਰ ਲਗਾਏ ਗਏ ਹਨ ਜਾਂ ਨਹੀਂ। ਇਸ ਪਾਈਪ ਲਾਈਨ ਤੋੱ ਮੁਹਾਲੀ ਸ਼ਹਿਰ ਨੂੰ ਕਿੰਨਾ ਪਾਣੀ ਮਿਲੇਗਾ ਅਤੇ ਬਾਕੀ ਪਾਣੀ ਕਿਨ੍ਹਾਂ ਕਿਨ੍ਹਾਂ ਸ਼ਹਿਰਾਂ ਨੂੰ ਦਿੱਤਾ ਜਾਵੇਗਾ। ਇਸ ਪਾਈਪ ਲਾਈਨ ਤੋੱ ਚੰਡੀਗੜ੍ਹ ਨੂੰ ਜਾਣ ਵਾਲਾ ਪਾਣੀ ਸਿੱਧਾ ਜਾਵੇਗਾ ਜਾਂ ਟਰੀਟਮੈਂਟ ਪਲਾਂਟ ਦੀ ਪ੍ਰਕਿਰਿਆ ਤੋਂ ਬਾਅਦ ਜਾਵੇਗਾ। ਉਹਨਾਂ ਇਸ ਪਾਈਪ ਲਾਈਨ ਤੋੱ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਵਾਲੇ ਪਾਣੀ ਬਾਰੇ ਬਣਾਈ ਗਈ ਸਮਝੌਤਾ ਨੀਤੀ ਦੀ ਵੀ ਜਣਕਾਰੀ ਮੰਗੀ ਸੀ।
ਸ੍ਰੀ ਬੇਦੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਵੱਲੋਂ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਹੀ ਕਜੌਲੀ ਵਾਟਰ ਵਰਕਸ ਤੋਂ ਪਾਈਪ ਲਾਈਨ ਵਿਛਾਉਣ ਦਾ ਲਗਭਗ 350 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਅਤੇ ਗਮਾਡਾ ਨੇ ਹਾਈਕੋਰਟ ਵਿੱਚ ਹਲਫੀਆ ਬਿਆਨ ਦਿੱਤਾ ਸੀ ਕਿ ਅਪ੍ਰੈਲ 2015 ਤੱਕ ਪਾਈਪਲਾਈਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪ੍ਰੰਤੂ ਹੁਣ ਤੱਕ ਵੀ ਇਹ ਪ੍ਰੋਜੈਕਟ ਮੁਕੰਮਲ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ ਦੇ ਲੋਕਾਂ ਨੂੰ ਨਿਸ਼ਚਿਤ ਸਮੇਂ ਵਿੱਚ ਪਾਣੀ ਮੁਹੱਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹਿ ਰਿਹਾ ਹੈ।
ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਦੇਣ ਤੋਂ ਵੀ ਇਸ ਕਰਕੇ ਟਾਲਾ ਵੱਟਿਆ ਜਾ ਰਿਹਾ ਹੈ ਕਿਉਂਕਿ ਜੇਕਰ ਉਸ ਵਲੋੱ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਤਾਂ ਇਸ ਨਾਲ ਗਮਾਡਾ ਅਧਿਕਾਰੀਆਂ ਦੀ ਨਾਲਾਇਕੀ ਜੱਗ ਜਾਹਿਰ ਹੋ ਜਾਣੀ ਹੈ ਅਤੇ ਉਹਨਾਂ ਦੀ ਪੋਲ ਖੁੱਲ ਜਾਣੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਹਿਰ ਵਾਸੀਆਂ ਦੇ ਹਿਤ ਵਿੱਚ ਇਹ ਜਾਣਕਾਰੀ ਮੰਗੀ ਸੀ ਅਤੇ ਉਹ ਇਸ ਮੁੱਦੇ ਤੇ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਗਮਾਡਾ ਉਹਨਾਂ ਨੂੰ ਬਣਦੀ ਜਾਣਕਾਰੀ ਮੁਹਈਆ ਕਰਵਾਏ ਅਤੇ ਇਸ ਸਬੰਧੀ ਜੇਕਰ ਗਮਾਡਾ (ਦਸਤਾਵੇਜ਼ਾਂ ਦੀ) ਕੋਈ ਫੀਸ ਮੰਗੇਗਾ ਤਾਂ ਉਹ ਬਣਦੀ ਫੀਸ ਜਮ੍ਹਾਂ ਕਰਵਾਉਣ ਲਈ ਵੀ ਤਿਆਰ ਹਨ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਸੂਚਨਾ ਕਮਿਸ਼ਨ ਕੋਲ ਗਮਾਡਾ ਦੇ ਖ਼ਿਲਾਫ਼ ਅਪੀਲ ਕਰਨਗੇ ਅਤੇ ਇਸ ਸਬੰਧੀ ਹਾਸਲ ਹੋਣ ਵਾਲੀ ਜਾਣਕਾਰੀ ਦੇ ਆਧਾਰ ਤੇ ਅਦਾਲਤ ਵਿੱਚ ਗਮਾਡਾ ਦੇ ਖ਼ਿਲਾਫ਼ ਕੇਸ ਕਰਨਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …