
ਵਿਕਾਸ ਮੁੱਦਿਆਂ ’ਤੇ ਸਿਰ ਜੋੜ ਕੇ ਬੈਠੇ ਗਮਾਡਾ ਤੇ ਨਗਰ ਨਿਗਮ ਦੇ ਅਧਿਕਾਰੀ
ਨਬਜ਼-ਏ-ਪੰਜਾਬ, ਮੁਹਾਲੀ, 19 ਜੁਲਾਈ:
ਮੁਹਾਲੀ ਦੀ ਨੁਹਾਰ ਬਦਲਣ ਲਈ ਗਮਾਡਾ ਆਉਣ ਵਾਲੇ ਦਿਨਾਂ ਵਿੱਚ ਸਮੂਹ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਅਤੇ ਸੜਕਾਂ ’ਤੇ ਪ੍ਰੀਮਿਕਸ ਪਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰੇਗਾ। ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਅੱਜ ਪੁੱਡਾ ਭਵਨ ਵਿਖੇ ਗਮਾਡਾ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਅਤੇ ਖ਼ੂਬਸੂਰਤੀ ਪੱਖੋਂ ਸ਼ਹਿਰ ਦੀ ਕਇਆ-ਕਲਪ ਕਰਨ ’ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਨੇ ਮੁੱਖ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਂਦਾ ਕਿ ਸ਼ਹਿਰ ਦੇ ਵੱਖ-ਵੱਖ ਜ਼ੋਨਾਂ ਵਿੱਚ ਪੈਂਦੇ ਐਂਟਰੀ ਪੁਆਇੰਟਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵੱਖ-ਵੱਖ ਖੇਤਰਾਂ ਜਿਵੇਂ ਕਿ ਸੂਚਨਾ ਟੈਕਨਾਲੋਜੀ, ਰੀਅਲ ਅਸਟੇਟ ਵਿੱਚ ਨਿਵੇਸ਼ ਵਜੋਂ ਇੱਕ ਮੋਹਰੀ ਸ਼ਹਿਰ ਹੈ। ਇਸ ਲਈ ਹੋਰ ਨਿਵੇਸ਼ਕਾਂ ਨੂੰ ਲਿਆਉਣ ਲਈ ਸਮੂਹ ਐਂਟਰੀ ਪੁਆਇੰਟਾਂ ਦਾ ਸੁੰਦਰੀਕਰਨ ਬਹੁਤ ਜ਼ਰੂਰੀ ਹੈ।
ਨਗਰ ਨਿਗਮ ਦੇ ਇੰਜੀਨੀਅਰਿੰਗ ਵਿੰਗ ਨੇ ਮੁੱਖ ਪ੍ਰਸ਼ਾਸਕ ਨੂੰ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਕੁਝ ਅੰਦਰੂਨੀ ਅਤੇ ਸੈਕਟਰਾਂ ਨੂੰ ਵੰਡਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੀ ਸਖ਼ਤ ਲੋੜ ਹੈ ਕਿਉਂਕਿ ਇਨ੍ਹਾਂ ਸੜਕਾਂ ਨੂੰ ਬਣਾਏ ਹੋਏ ਪੰਜ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ। ਵੈਸੇ ਵੀ ਹੜ੍ਹਾਂ ਕਾਰਨ ਕਾਫ਼ੀ ਸੜਕਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸੜਕਾਂ ਦੇ ਸੈਂਟਰਲ ਵਰਜ ਨੂੰ ਅਪਗ੍ਰੇਡ ਕਰਨ ਅਤੇ ਮੁਰੰਮਤ ਦੀ ਵੀ ਲੋੜ ਹੈ। ਸੀਏ ਗਮਾਡਾ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੇਟ-ਲਤੀਫ਼ੀ ਅਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਦੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਨਿਗਰਾਨ ਇੰਜੀਨੀਅਰ ਨਰੇਸ਼ ਬੱਤਾ, ਚੀਫ਼ ਇੰਜੀਨੀਅਰ ਗਮਾਡਾ ਬਲਵਿੰਦਰ ਸਿੰਘ, ਨਿਗਰਾਨ ਇੰਜੀਨੀਅਰ ਅਜੈ ਗਰਗ ਅਤੇ ਦੋਵੇਂ ਦਫ਼ਤਰਾਂ ਦੇ ਇੰਜੀਨੀਅਰਿੰਗ ਵਿੰਗ ਦੇ ਹੋਰ ਅਧਿਕਾਰੀ ਮੌਜੂਦ ਸਨ।