ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਮੁਹਾਲੀ ਵਿੱਚ ਸੜਕਾਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ

ਮੌਜੂਦਾ ਸਮੇਂ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਸਾਈਟਾਂ ਦਾ ਦੌਰਾ ਕਰਨਗੇ ਮੁੱਖ ਪ੍ਰਸ਼ਾਸਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਗਮਾਡਾ ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਉਹ ਜਲਦੀ ਹੀ ਸਬੰਧਤ ਸਾਈਟਾਂ ਦਾ ਦੌਰਾ ਕਰਨਗੇ। ਮੁੱਖ ਪ੍ਰਸ਼ਾਸਕ ਵੱਲੋਂ ਇਹ ਫ਼ੈਸਲਾ ਅੱਜ ਪੁੱਡਾ ਭਵਨ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਸੱਦੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਨੇ ਗਮਾਡਾ ਦੇ ਇੰਜੀਨੀਅਰਿੰਗ ਵਿੰਗ ਨੂੰ ਸਾਰੇ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਇੰਜੀਨੀਅਰਿੰਗ ਵਿੰਗ ਨੇ ਐਰੋਸਿਟੀ ਵਿੱਚ ਕੀਤੇ ਜਾ ਰਹੇ 15 ਐਮਐਲਡੀ ਕਪੈਸਟੀ ਵਾਲੇ ਮੇਨ ਪੰਪਿੰਗ ਸਟੇਸ਼ਨ, 10 ਐਮਐਲਡੀ ਕਪੈਸਟੀ ਦੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ 5 ਐਮਐਲਡੀ ਕਪੈਸਟੀ ਦੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਅਤੇ ਨਿਰਮਾਣ ਕਾਰਜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਮੁੱਖ ਪ੍ਰਸ਼ਾਸਕ ਨੂੰ ਦੱਸਿਆ ਕਿ ਇਹ ਕੰਮ ਲਗਪਗ 90 ਫੀਸਦੀ ਹੋ ਚੁੱਕਾ ਹੈ ਅਤੇ ਜੂਨ ਦੇ ਅੰਤ ਤੱਕ ਸਾਰੇ ਕੰਮ ਮੁਕੰਮਲ ਹੋਣ ਦੀ ਆਸ ਹੈ। ਇੰਜੀਨੀਅਰਾਂ ਦੀ ਟੀਮ ਨੇ ਦੱਸਿਆ ਕਿ ਸੈਕਟਰ-83 ਵਿੱਚ ਮੌਜੂਦਾ 10 ਐਮਜੀਡੀ ਦੇ ਐਸਟੀਪੀ ਨੂੰ 15 ਐਮਜੀਡੀ ਕਪੈਸਟੀ ਤੱਕ ਅਪਗਰੇਡ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਨੂੰ 30 ਸਤੰਬਰ ਤੱਕ ਪੂਰਾ ਕਰਨ ਦਾ ਟੀਚਾ ਹੈ।
ਮੀਟਿੰਗ ਦੌਰਾਨ ਨਵੀਆਂ ਸੜਕਾਂ ਦੇ ਨਿਰਮਾਣ ਅਤੇ ਕੁਝ ਮੌਜੂਦਾ ਸੜਕਾਂ ਨੂੰ ਚੌੜਾ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ। ਅਧਿਕਾਰੀਆਂ ਨੇ ਮੁੱਖ ਪ੍ਰਸ਼ਾਸਕ ਨੂੰ ਵੱਖ-ਵੱਖ ਸੜਕਾਂ ਦੇ ਚੱਲ ਰਹੇ ਉਸਾਰੀ ਕਾਰਜਾਂ ਦੀ ਸਥਿਤੀ ਤੋਂ ਇਲਾਵਾ ਟੈਂਡਰ ਪ੍ਰਕਿਰਿਆ ਅਧੀਨ ਕੰਮਾਂ ਤੋਂ ਜਾਣੂ ਕਰਵਾਇਆ। ਸ੍ਰੀ ਗੁਪਤਾ ਨੇ ਸਬੰਧਤ ਅਧਿਕਾਰੀਆਂ ਨੂੰ ਟੈਂਡਰ ਲਗਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕਰਦਿਆਂ ਨਿਰਮਾਣ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਸੜਕਾਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਮੀਟਿੰਗ ਵਿੱਚ ਸੈਕਟਰ-83 ਐਸਟੀਪੀ ਤੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਟਰੀਟਡ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ, ਖੇਡ ਸਟੇਡੀਅਮਾਂ ਨੂੰ ਚਾਲੂ ਕਰਨ ਅਤੇ ਰੱਖ-ਰਖਾਓ, ਆਈਟੀ ਸਿਟੀ ਅਤੇ ਹੋਰ ਖੇਤਰਾਂ ਵਿੱਚ ਰੁੱਖ ਲਗਾਉਣ ਦੇ ਕੰਮਾਂ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੁੱਖ ਪ੍ਰਸ਼ਾਸਕ ਨੇ ਬਾਗਬਾਨੀ ਵਿੰਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਾਜੈਕਟਾਂ ਵਿੱਚ ਵੱਧ ਤੋਂ ਵੱਧ ਹਰਿਆਵਲ ਕੀਤੀ ਜਾਵੇ ਤਾਂ ਜੋ ਲੋਕ ਹਰਿਆਲੀ ਨਾਲ ਭਰਪੂਰ ਆਲੇ-ਦੁਆਲੇ ਦਾ ਆਨੰਦ ਲੈ ਸਕਣ।
ਸ੍ਰੀ ਗੁਪਤਾ ਨੇ ਕਿਹਾ ਕਿ ਆਪਣੇ ਅਧਿਕਾਰ ਖੇਤਰ ਦੇ ਵਿਕਾਸ ਲਈ ਗਮਾਡਾ ਨਿਰੰਤਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ਦੇ ਵਸਨੀਕਾਂ ਨੂੰ ਵਧੀਆ ਜੀਵਨ ਸ਼ੈਲੀ ਮੁਹਈਆ ਕਰਵਾਉਣ ਲਈ ਸਿਰਫ਼ ਸੜਕਾਂ ਦਾ ਨਿਰਮਾਣ ਹੀ ਨਹੀਂ, ਸਗੋਂ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰਕੇ ਦੇਣਾ ਉਨ੍ਹਾਂ ਦਾ ਉਦੇਸ਼ ਹੈ। ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਭਵਿੱਖ ਵਿੱਚ ਉਹ ਸਾਈਟਾਂ ਦਾ ਦੌਰਾ ਕਰਨਗੇ ਅਤੇ ਕੰਮਾਂ ਵਿੱਚ ਜੇਕਰ ਕੋਈ ਰੁਕਾਵਟ ਪੇਸ਼ ਆਉਂਦੀ ਲੱਗੀ ਤਾਂ ਇੰਜੀਨੀਅਰਿੰਗ ਵਿੰਗ ਨਾਲ ਵਿਚਾਰ ਵਟਾਂਦਰਾ ਕਰਕੇ ਸਮੱਸਿਆਂਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਪ੍ਰਗਤੀ ਅਧੀਨ ਕੰਮਾਂ ਨੂੰ ਨਿਰਧਾਰਿਤ ਸਮੇਂ-ਸੀਮਾ ਵਿੱਚ ਮੁਕੰਮਲ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…