
ਗਮਾਡਾ ਨੇ ਪੂਰਬ ਪ੍ਰੀਮੀਅਮ ਅਪਾਰਟਮੈਂਟ ਦੀ ਅਲਾਟਮੈਂਟ ਲਈ ਡਰਾਅ ਕੱਢਿਆ
ਡਰਾਅ ਦਾ ਨਤੀਜਾ ਗਮਾਡਾ ਦੀ ਵੈੱਬਸਾਈਟ ’ਤੇ ਕੀਤਾ ਅਪਲੋਡ
ਨਬਜ਼-ਏ-ਪੰਜਾਬ, ਮੁਹਾਲੀ, 22 ਸਤੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਇੱਥੋਂ ਦੇ ਸੈਕਟਰ-69 ਦੇ ਕਮਿਊਨਿਟੀ ਸੈਂਟਰ ਵਿਖੇ 550 ਪੂਰਬ ਪ੍ਰੀਮੀਅਮ ਅਪਾਰਟਮੈਂਟਾਂ ਦੀ ਅਲਾਟਮੈਂਟ ਲਈ ਲਾਂਚ ਕੀਤੀ ਗਈ ਸਕੀਮ ਤਹਿਤ ਬਿਨੈਕਾਰਾਂ ਨੂੰ ਅਪਾਰਟਮੈਂਟ ਨੰਬਰਾਂ ਅਤੇ ਫਲੋਰਾਂ ਦੀ ਅਲਾਟਮੈਂਟ ਕਰਨ ਲਈ ਡਰਾਅ ਕੱਢਿਆ ਗਿਆ। ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ (ਵਿੱਤ ਤੇ ਲੇਖਾ) ਬਲਵਿੰਦਰ ਸਿੰਘ, ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਟਿਵਾਣਾ ਅਤੇ ਮਿਲਖ ਅਫ਼ਸਰ (ਹਾਊਸਿੰਗ) ਹਰਕੀਰਤ ਕੌਰ ਚਾਨੇ ਦੀ ਨਿਗਰਾਨੀ ਹੇਠ ਕੱਢੇ ਗਏ ਡਰਾਅ ਦਾ ਨਤੀਜਾ ਗਮਾਡਾ ਦੀ ਵੈੱਬਸਾਈਟ gmada.gov.in ’ਤੇ ਅਪਲੋਡ ਕੀਤਾ ਗਿਆ। ਗਮਾਡਾ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਸਫਲ ਬਿਨੈਕਾਰਾਂ ਅਤੇ ਵੇਟਿੰਗ ਲਿਸਟ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ 9 ਅਕਤੂਬਰ ਤੱਕ ਆਪਣੀ ਯੋਗਤਾ ਸਾਬਤ ਕਰਨ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ।
ਜਿਵੇਂ ਕਿ ਸਕੀਮ ਦੇ ਬਰੋਸ਼ਰ ਵਿੱਚ ਦੱਸਿਆ ਗਿਆ ਸੀ ਕਿ ਸਫਲ ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਆਨਲਾਈਨ ਭੇਜੇ ਜਾਣਗੇ ਅਤੇ ਕੋਈ ਫਿਜ਼ੀਕਲ ਅਲਾਟਮੈਂਟ ਪੱਤਰ ਜਾਰੀ ਨਹੀਂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਤੱਕ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਲਾਟਮੈਂਟ ਪੱਤਰ ਜਾਰੀ ਕਰਨ ਸਬੰਧੀ ਲੋੜੀਂਦੀ ਸੂਚਨਾ ਅਲਾਟੀਆਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਐਸਐਮਐਸ ਰਾਹੀਂ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਅਲਾਟੀ ਕਿਸੇ ਵੀ ਕਾਰਨ ਅਲਾਟਮੈਂਟ ਪੱਤਰ ਡਾਊਨਲੋਡ ਨਹੀਂ ਕਰ ਸਕਣਗੇ, ਉਹ ਅਸਟੇਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।